ਪਟਿਆਲਾ ’ਚ ਵਾਇਰਲ ਆਡੀਓ ਮਾਮਲੇ ਤਹਿਤ ਵੱਡੀ ਕਾਰਵਾਈ ਹੋਈ ਹੈ। ਪਟਿਆਲਾ ਦੇ SSP ਵਰੁਣ ਸ਼ਰਮਾ ਨੂੰ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਥਾਂ ਸੰਗਰੂਰ ਦੇ SSP ਸਰਤਾਜ ਸਿੰਘ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।

Continues below advertisement

HC ਸੁਣਵਾਈ ਤੋਂ ਪਹਿਲਾਂ ਕਾਰਵਾਈ

14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਾਰਿਸ਼ਦ ਅਤੇ ਬਲਾਕ ਕਮੇਟੀ ਚੋਣਾਂ ਤੋਂ ਪਹਿਲਾਂ ਪਟਿਆਲਾ ਦੇ ਕੁਝ ਪੁਲਿਸ ਅਧਿਕਾਰੀਆਂ ਦੀਆਂ ਕਥਿਤ ਆਡੀਓ ਕਲਿੱਪਾਂ ਵਾਇਰਲ ਹੋਈਆਂ ਸਨ। ਇਸ ਮਾਮਲੇ ਵਿੱਚ ਅੱਜ ਯਾਨੀਕਿ 10 ਦਸੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਵੇਗੀ। ਅਦਾਲਤ ਵੱਲੋਂ ਇਲੈਕਸ਼ਨ ਕਮਿਸ਼ਨ ਤੋਂ ਇਸ ਕਥਿਤ ਆਡੀਓ ਦੀ ਰਿਪੋਰਟ ਮੰਗੀ ਗਈ ਹੈ ਅਤੇ ਸੁਣਵਾਈ ਦੌਰਾਨ ਇਹ ਰਿਪੋਰਟ ਸੌਂਪੀ ਜਾਵੇਗੀ।

Continues below advertisement

ਹਾਈਕੋਰਟ ਵਿੱਚ ਇਹ ਪਟੀਸ਼ਨ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਵੱਲੋਂ ਪਾਈ ਗਈ ਸੀ। ਹੁਣ ਸੁਣਵਾਈ ਤੋਂ ਪਹਿਲਾਂ ਹੀ ਪਟਿਆਲਾ SSP ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।

SAD ਵੱਲੋਂ ਵਾਇਰਲ ਕਰ ਕੀਤਾ ਗਿਆ ਵੱਡਾ ਦਾਅਵਾ

ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਕੀਤੀ ਗਈ ਆਡੀਓ ਰਿਕਾਰਡਿੰਗ ਨੇ ਚੋਣਾਂ ਦੌਰਾਨ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਸੀ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਸੀ ਕਿ ਇਹ ਰਿਕਾਰਡਿੰਗ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਦੀ ਕਾਨਫਰੈਂਸ ਕਾਲ ਦੀ ਹੈ, ਜਿਸ ਵਿੱਚ SSP ਵੱਲੋਂ ਵੱਖ-ਵੱਖ DSP ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਆਡੀਓ ਵਿੱਚ ਕਥਿਤ ਤੌਰ ’ਤੇ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਹੇਠ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਦੇ ਸਮੇਂ ਧੱਕੇਸ਼ਾਹੀ ਕਰਕੇ ਰੋਕਣ ਦੀ ਪਲਾਨਿੰਗ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਗਿਆ ਕਿ ਉਮੀਦਵਾਰਾਂ ਨੂੰ ਉਹਨਾਂ ਦੇ ਘਰ ਜਾਂ ਪਿੰਡੋਂ ਲੈ ਕੇ ਨਾਮਜ਼ਦਗੀ ਕੇਂਦਰ ਦੇ ਬਾਹਰ ਤੱਕ ਰੋਕਣ ਬਾਰੇ ਗੱਲ ਕੀਤੀ ਜਾ ਰਹੀ ਹੈ।

ਰਿਕਾਰਡਿੰਗ ਵਿੱਚ ਨਿਰਪੱਖ ਚੋਣਾਂ ਦੀ ਨਿਗਰਾਨੀ ਲਈ ਲਗਾਏ ਗਏ ਆਬਜ਼ਰਵਰਾਂ ਦੇ ਨਾਲ-ਨਾਲ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਦੇ ਡਿਵਿਜ਼ਨਲ ਕਮਿਸ਼ਨਰ ਅਤੇ DIG ਪੱਧਰ ਦੇ ਅਧਿਕਾਰੀਆਂ ਦੇ ਨਾਮ ਵੀ ਆਉਂਦੇ ਹਨ।

ਪੁਲਿਸ ਵੱਲੋਂ ਸਪੱਸ਼ਟੀਕਰਨ ਦਿੰਦੇ ਹੋਏ ਇਸ ਵੀਡੀਓ ਨੂੰ ਫ਼ੇਕ ਦੱਸਿਆ

ਪਟਿਆਲਾ ਪੁਲਿਸ ਨੇ ਸੁਖਬੀਰ ਬਾਦਲ ਦੇ ਦਾਅਵਿਆਂ ਨੂੰ ਨਕਾਰਦੇ ਹੋਏ ਕਿਹਾ ਸੀ ਕਿ ਇਹ ਵੀਡੀਓ ਫ਼ੇਕ ਹੈ ਅਤੇ AI ਦੀ ਮਦਦ ਨਾਲ ਬਣਾਈ ਗਈ ਹੈ। ਪੁਲਿਸ ਅਨੁਸਾਰ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਇਸਨੂੰ ਫੈਲਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਦੇ ਇਸ ਬਿਆਨ ਤੋਂ ਬਾਅਦ ਹਾਲੇ ਤੱਕ ਸੁਖਬੀਰ ਬਾਦਲ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਪੁਲਿਸ ਵੱਲੋਂ ਵੀਡੀਓ ਨੂੰ ਫ਼ੇਕ ਕਹਿਣ ਤੋਂ ਬਾਅਦ ਇਸਨੂੰ ਸੱਚ ਸਾਬਤ ਕਰਨ ਲਈ ਉਹਨਾਂ ਕੋਲ ਕੀ ਸਬੂਤ ਹਨ।

ਇਸ ਮਾਮਲੇ 'ਤੇ BJP ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਪ੍ਰਤੀਕਿਰਿਆ ਦਿੱਤੀ ਸੀ। ਉਹਨਾਂ ਨੇ ਕਿਹਾ ਸੀ ਕਿ CM ਭਗਵੰਤ ਮਾਨ ਵਿਦੇਸ਼ ਵਿੱਚ ਹਨ ਅਤੇ ਪੰਜਾਬ 'ਚ AAP ਉਹਨਾਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ "ਸਾਮ, ਦਾਮ, ਦੰਡ, ਭੇਦ" ਵਾਲੀ ਨੀਤੀ 'ਤੇ ਚੱਲ ਕੇ ਚੋਣਾਂ 'ਚ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪੰਜਾਬ 'ਚ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਾਰਿਸ਼ਦ ਦੇ ਚੋਣਾਂ ਵਿੱਚ ਹਾਲੇ 4 ਦਿਨ ਬਾਕੀ ਹਨ, ਪਰ ਵੋਟਿੰਗ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ 195 ਉਮੀਦਵਾਰ ਬਿਨਾਂ ਮੁਕਾਬਲੇ ਚੁਣੇ ਜਾ ਚੁੱਕੇ ਹਨ।

ਇਨ੍ਹਾਂ ਵਿੱਚ:

ਜ਼ਿਲ੍ਹਾ ਪਾਰਿਸ਼ਦ ਦੀਆਂ 15 ਸੀਟਾਂ — ਅੰਮ੍ਰਿਤਸਰ ਦੀਆਂ 3 ਅਤੇ ਤਰਨਤਾਰਨ ਦੀਆਂ 12

ਪੰਚਾਇਤ ਸੰਮਤੀ ਦੀਆਂ 180 ਸੀਟਾਂ — ਤਰਨਤਾਰਨ ਦੀਆਂ 98, ਅੰਮ੍ਰਿਤਸਰ ਦੀਆਂ 67, ਹੁਸ਼ਿਆਰਪੁਰ ਦੀਆਂ 17 ਅਤੇ ਮਾਲੇਰਕੋਟਲਾ ਦੀਆਂ 2 ਸੀਟਾਂ ਸ਼ਾਮਲ ਹਨ।