Patiala News: ਪਟਿਆਲਾ ਦੇ ਚੰਨੋ ਪਿੰਡ ਨੇੜੇ ਇੱਕ ਨਿੱਜੀ ਔਰਬਿਟ ਬੱਸ ਨੂੰ ਅਚਾਨਕ ਅੱਗ ਲੱਗ ਗਈ। ਕੁਝ ਸਕਿੰਟਾਂ ਵਿੱਚ ਹੀ ਪੂਰੀ ਬੱਸ ਅੱਗ ਦੀਆਂ ਲਪਟਾਂ ਵਿੱਚ ਘਿਰ ਗਈ ਅਤੇ ਧੂੰ-ਧੂੰ ਕਰਕੇ ਸੜ ਗਈ। ਹਾਦਸੇ ਸਮੇਂ ਬੱਸ ਵਿੱਚ ਲਗਭਗ 20 ਤੋਂ 25 ਯਾਤਰੀ ਸਵਾਰ ਸਨ, ਜਿਸ ਕਾਰਨ ਘਟਨਾ ਵਾਲੀ ਥਾਂ 'ਤੇ ਚੀਕ-ਚੀਹਾੜਾ ਮੱਚ ਗਿਆ। 

Continues below advertisement

ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਸਥਾਨਕ ਲੋਕਾਂ ਨੇ ਤੁਰੰਤ ਫਾਇਰ ਵਿਭਾਗ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਬੱਸ ਵਿੱਚੋਂ ਧੂੰਆਂ ਉੱਠਦਾ ਦੂਰੋਂ ਦਿਖਾਈ ਦੇ ਰਿਹਾ ਸੀ।

Continues below advertisement

ਅੱਗ ਦੀ ਘਟਨਾ ਦਾ ਸਮੇਂ ਰਹਿੰਦੇ ਪਤਾ ਲੱਗਣ ਕਾਰਨ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਲਾਂਕਿ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਬੱਸ ਨੂੰ ਲੱਗੀ ਅੱਗ 'ਤੇ ਮੁਸ਼ਕਿਲ ਨਾਲ ਕਾਬੂ ਪਾਇਆ ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਗਈ ਸੀ।

ਜਾਣਕਾਰੀ ਅਨੁਸਾਰ ਉਕਤ ਬੱਸ ਦੇ ਚਾਲਕ ਨੇ ਪਿੰਡ ਚੰਨੋ ਨੇੜੇ ਚੱਲਦੀ ਬੱਸ ਦੇ ਪਿਛਲੇ ਹਿੱਸੇ ਤੋਂ ਧੂੰਆਂ ਨਿਕਲਦਾ ਅਤੇ ਕਿਸੇ ਚੀਜ਼ ਦੇ ਸੜਨ ਦੀ ਬਦਬੂ ਮਹਿਸੂਸ ਕੀਤੀ। ਅੱਗ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ ਤੇ ਦੇਖਦੇ ਹੀ ਦੇਖਦੇ ਅੱਗ ਨੇ ਬੱਸ ਦੇ ਪਿਛਲੇ ਪਾਸੇ ਰੱਖੇ ਇੰਜਣ ਤੇ ਏ.ਸੀ. ਵਾਲੇ ਕੈਬਿਨ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਜਿਸ ਸਬੰਧੀ ਪਤਾ ਲੱਗਣ 'ਤੇ ਬੱਸ ਡਰਾਇਵਰ ਸਮੇਤ ਬੱਸ 'ਚ ਮੌਜੂਦ ਚਾਲਕ ਦਲ ਦੇ ਹੋਰ ਮੈਂਬਰਾਂ ਨੇ ਹਾਈਵੇਅ 'ਤੇ ਸਥਿਤ ਇਕ ਢਾਬੇ ਦੇ ਨੇੜੇ ਸੁਰੱਖਿਅਤ, ਖੁੱਲ੍ਹੇ ਖੇਤਰ ਵਿਚ ਬੱਸ ਨੂੰ ਰੋਕਿਆ ਤੇ ਤੁਰੰਤ ਯਾਤਰੀਆਂ ਨੂੰ ਬੱਸ 'ਚੋਂ ਉਤਰਨ ਲਈ ਆਖਿਆ। ਮੌਕੇ 'ਤੇ ਹੋਰ ਲੋਕਾਂ ਦੀ ਮਦਦ ਨਾਲ ਬੱਸ ਦੇ ਕੈਬਿਨ 'ਚ ਪਏ ਯਾਤਰੀਆਂ ਦੇ ਸਾਮਾਨ ਵੀ ਕੱਢਿਆ ਗਿਆ। ਕੁੱਝ ਹੀ ਮਿੰਟਾਂ ਵਿਚ ਅੱਗ ਹੋਰ ਭੜਕ ਗਈ ਜਿਸਨੇ ਲਗਭਗ ਪੂਰੀ ਬੱਸ ਨੂੰ ਆਪਣੀ ਲਪੇਟ ਵਿਚ ਲੈ ਲਿਆ। 

ਦੱਸਿਆ ਜਾ ਰਿਹਾ ਹੈ ਬੱਸ ਦੇ ਏਸੀ ਵਿੱਚ ਤਕਨੀਕੀ ਖਰਾਬੀ ਆਈ ਸੀ, ਜਿਸ ਕਰਕੇ ਅੱਗ ਲੱਗ ਗਈ।