Punjab News: ਭਾਰਤ ਅੱਜ ਆਪਣਾ 76ਵਾਂ ਗਣਤੰਤਰ ਦਿਵਸ (Republic Day ) ਮਨਾ ਰਿਹਾ ਹੈ। ਪੰਜਾਬ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਲੁਧਿਆਣਾ ਵਿੱਚ ਤਿਰੰਗਾ ਲਹਿਰਾਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿੱਚ ਝੰਡਾ ਲਹਿਰਾਉਣ ਦੀ ਰਮਮ ਅਦਾ ਕੀਤੀ।
ਇਸ ਦੌਰਾਨ ਪੰਜਾਬ ਦੇ 24 ਪੁਲਿਸ ਅਧਿਕਾਰੀਆਂ ਨੂੰ ਸੀਐਮ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ 5 ਨੂੰ ਮੁੱਖ ਮੰਤਰੀ ਰਕਸ਼ਕ ਮੈਡਲ ਤੇ 19 ਨੂੰ ਮੁੱਖ ਮੰਤਰੀ ਸ਼ਾਨਦਾਰ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ।
ਪਟਿਆਲਾ ਵਿੱਚ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਦੇਸ਼ ਦੇ ਅਨਾਜ ਭੰਡਾਰਾਂ ਨੂੰ ਭਰਨ ਵਿੱਚ ਪੰਜਾਬ ਦਾ ਮਹੱਤਵਪੂਰਨ ਯੋਗਦਾਨ ਹੈ ਪਰ ਇਹ ਕਹਿਣਾ ਦੁੱਖ ਦੀ ਗੱਲ ਹੈ ਕਿ ਸਾਡੇ ਅੰਨ ਦਾਤਾ ਹੜਤਾਲ 'ਤੇ ਜਾਣ ਲਈ ਮਜਬੂਰ ਹਨ। ਸਾਨੂੰ ਵਿਰੋਧ ਪ੍ਰਦਰਸ਼ਨ ਕਰਨੇ ਪੈਣਗੇ। ਇਹ ਪਹਿਲੀ ਵਾਰ ਹੈ ਜਦੋਂ ਸਾਨੂੰ ਮਰਨ ਵਰਤ ਰੱਖਣਾ ਪੈ ਰਿਹਾ ਹੈ। ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਤਾਂ ਜੋ ਟਰੈਕਟਰ ਦਿੱਲੀ ਦੀ ਬਜਾਏ ਖੇਤਾਂ ਵੱਲ ਜਾਣ। ਕਿਸਾਨ ਖੇਤਾਂ ਵਿੱਚ ਚੰਗੇ ਲੱਗਦੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਭਾਰਤ ਦੇ 76ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਸਮਾਗਮ ’ਚ ਹਿੱਸਾ ਲਿਆ। ਭਾਰਤ ਦਾ ਮਾਣ ਤਿਰੰਗਾ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ। ਨਾਲ ਹੀ ਪਰਮਾਤਮਾ ਅੱਗੇ ਦੁਆ ਕੀਤੀ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਮਿਲਿਆ ਭਾਰਤ ਦੇਸ਼ ਦਾ ਸੰਵਿਧਾਨ ਹਮੇਸ਼ਾ ਕਾਇਮ ਰਹੇ ਤੇ ਦੇਸ਼ ਦਾ ਹਰ ਨਾਗਰਿਕ ਇੱਜ਼ਤ-ਮਾਣ ਨਾਲ ਆਪਣਾ ਜੀਵਨ ਬਤੀਤ ਕਰੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਸੜਕ ਸੁਰੱਖਿਆ ਫੋਰਸ (SSF) ਦਾ ਗਠਨ ਕੀਤਾ, ਜਿਸ ਦੇ ਤਹਿਤ ਸੂਬੇ 'ਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 48 ਫ਼ੀਸਦੀ ਘਟੀ ਹੈ। ਸੂਬੇ ਦੇ ਹਰ ਇੱਕ ਨਾਗਰਿਕ ਦੀ ਜਾਨ ਸਾਡੇ ਲਈ ਕੀਮਤੀ ਹੈ।