Patiala News: ਪਟਿਆਲਾ ਵਿੱਚ ਡੇਂਗੂ ਕਹਿਰ ਮਚਾ ਰਿਹਾ ਹੈ। ਲਗਾਤਾਰ ਵਧਦੇ ਕੇਸਾਂ ਨੂੰ ਵੇਖਦਿਆਂ ਪ੍ਰਸਾਸ਼ਨ ਹਰਕਤ ਵਿੱਚ ਆ ਗਿਆ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੱਛਰਾਂ ’ਚ ਵਾਧੇ ਕਾਰਨ ਡੇਂਗੂ ਤੇ ਚਿਕਗੁਨੀਆ ਬੁਖ਼ਾਰ ਦੇ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਇਸ ਦੀ ਰੋਕਥਾਮ ਲਈ ਮੁਹਿੰਮ ਨੂੰ ਤੇਜ਼ ਕਰਨ ਦੇ ਹੁਕਮ ਦਿੱਤੇ ਹਨ।
ਡੀਸੀ ਨੇ ਪਟਿਆਲਾ ਸ਼ਹਿਰ ਦੇ ਕਈ ਖੇਤਰਾਂ ਨੂੰ ਹੌਟ-ਸਪੌਟ ਵਜੋਂ ਪਛਾਣਦੇ ਹੋਏ ਇਨ੍ਹਾਂ ਖੇਤਰਾਂ, ਵਿੱਚ ਫੌਗਿੰਗ ਦੇ ਨਾਲ-ਨਾਲ ਲੋਕਾਂ ਨੂੰ ਮੱਛਰਾਂ ਦੇ ਕੱਟਣ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਵੀ ਕਿਹਾ ਗਿਆ ਹੈ। ਡੀਸੀ ਨੇ ਦੱਸਿਆ ਕਿ ਮਾਡਲ ਟਾਊਨ, ਪਰਤਾਪ ਨਗਰ, ਨਿਊ ਅਫ਼ਸਰ ਕਲੋਨੀ, ਬਾਜਵਾ ਕਲੋਨੀ, ਬਿਸ਼ਨ ਨਗਰ, ਵਿਰਕ ਕਲੋਨੀ, ਗੁਰੂ ਨਾਨਕ ਨਗਰ, ਡੀ.ਐਮ.ਡਬਲਿਯੂ, ਭਾਰਤ ਨਗਰ ਤੇ ਲਾਹੌਰੀ ਗੇਟ ਇਲਾਕੇ ਹੌਟ-ਸਪੌਟ ਹਨ।
ਇੱਥੇ ਮੈਡੀਕਲ ਅਫ਼ਸਰਾਂ ਤੇ ਏ.ਐਨ.ਐਮਜ਼ ਨੂੰ ਬੁਖ਼ਾਰ ਬਾਬਤ ਘਰ-ਘਰ ਪੜਤਾਲ ਕਰਨ ਤੇ ਪੀੜਤਾਂ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਬੁਖ਼ਾਰ ਨੂੰ ਸਧਾਰਨ ਨਾ ਲਿਆ ਜਾਵੇ ਸਗੋਂ ਹਰ ਬੁਖ਼ਾਰ ਨੂੰ ਸ਼ੱਕੀ ਕੇਸ ਮੰਨਦੇ ਹੋਏ ਡੇਂਗੂ ਦਾ ਟੈਸਟ ਜ਼ਰੂਰ ਕਰਵਾਇਆ ਜਾਵੇ।
ਉਨ੍ਹਾਂ ਨੇ ਡੇਂਗੂ ਤੇ ਚਿਕਨਗੁਨੀਆ ਬਿਮਾਰੀ ਦੇ ਮੱਦੇਨਜ਼ਰ ਕਮਿਸ਼ਨਰ ਨਗਰ ਨਿਗਮ ਅਦਿੱਤਿਆ ਉਪਲ, ਏਡੀਸੀ (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਸਿਵਲ ਸਰਜਨ ਡਾ. ਵਰਿੰਦਰ ਗਰਗ ਸਮੇਤ ਸਾਰੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫ਼ਸਰਾਂ ਨੂੰ ਆਦੇਸ਼ ਦਿੱਤੇ ਕਿ ਮੈਡੀਕਲ ਸੇਵਾਵਾਂ ਨੂੰ ਚੌਕਸ ਕਰਨ ਦੇ ਨਾਲ-ਨਾਲ ਫੌਗਿੰਗ ਤੇ ਮੱਛਰ ਵਿਰੋਧੀ ਮੁਹਿੰਮ ਨੂੰ ਵੀ ਤੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਘਰਾਂ ਵਿੱਚ ਡੇਂਗੂ ਮੱਛਰ ਦਾ ਲਾਰਵਾ ਮਿਲਦਾ ਹੈ, ਉਸ ਦਾ ਚਲਾਨ ਜ਼ਰੂਰ ਕੱਟਿਆ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।