Patiala News: ਪਟਿਆਲਾ ਪੁਲਿਸ ਨੇ ਟਰਾਂਸਫਾਰਮ ਤੇ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਰੋਹ ਕਾਬੂ ਕੀਤਾ ਹੈ। ਇਹ ਗਰੋਹ ਲੰਬੇ ਸਮੇਂ ਤੋਂ ਟਰਾਂਸਫਾਰਮ ਤੇ ਬਿਜਲੀ ਦੀਆਂ ਤਾਰਾਂ ਚੋਰੀ ਕਰ ਰਿਹਾ ਸੀ। ਪੁਲਿਸ ਨੇ ਇਨ੍ਹਾਂ ਕੋਲੋਂ 10 ਟਰਾਂਸਫਾਰਮਰ ਤੇ 17 ਲੱਖ ਦੀ ਰਿਕਵਰੀ ਕੀਤੀ ਹੈ। ਇਹ ਗਰੋਹ ਟਰਾਂਸਸਫਾਰਮਰ ਨੂੰ ਤੋੜ ਕੇ ਉਸ ਵਿੱਚੋਂ ਤਾਂਬੇ ਦੇ ਕੁਆਇਲ ਚੋਰੀ ਕਰਦਾ ਸੀ।



ਪੁਲਿਸ ਨੇ ਮੁਲਜ਼ਮਾਂ ਕੋਲੋਂ ਕੁੱਲ 10 ਟਰਾਂਸਫਾਰਮਰ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚ ਪਿੰਡ ਘੜਾਮ ਤੋਂ 2, ਫਰੀਦਪੁਰ ਤੋਂ 2, ਪਿੰਡ ਮਸੀਂਗਣ ਤੋਂ 2, ਮਗਰ ਸਾਹਿਬ ਤੋਂ 1, ਅਕਬਰਪੁਰ ਅਫਗਾਨਾ ਤੋਂ 1, ਬਿਸ਼ਨ ਨਗਰ ਕੋਟਲਾ ਤੋਂ 2 ਚੋਰੀ ਕੀਤੇ ਸਨ। ਇਨ੍ਹਾਂ ਦੀ ਕੀਮਤ ਕਰੀਬ 15 ਲੱਖ ਰੁਪਏ ਬਣਦੀ ਹੈ। ਇਨ੍ਹਾਂ ਤੋਂ 2 ਲੱਖ ਰੁਪਏ ਦੀਆਂ ਸਿਲਵਰ ਦੀਆਂ ਤਾਰਾਂ ਬਰਾਮਦ ਕੀਤੀਆਂ ਗਈਆਂ ਹਨ। 



ਹਾਸਲ ਜਾਣਕਾਰੀ ਮੁਤਾਬਕ ਥਾਣਾ ਜੁਲਕਾਂ ਦੀ ਪੁਲਿਸ ਨੇ ਟਰਾਂਸਫਾਰਮਾਂ ਤੇ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਰੋਹ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ 17 ਲੱਖ ਦੀ ਰਿਕਵਰੀ ਕੀਤੀ ਗਈ ਹੈ। ਡੀਐਸਪੀ ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਬਿਸ਼ਨ ਨਗਰ ਕੋਟਲਾ ਤੇ ਗੁਆਂਢੀ ਸ਼ਮਸ਼ੇਰ ਸਿੰਘ ਦੀ ਜ਼ਮੀਨ ਵਿੱਚ ਲੱਗੇ ਟਰਾਂਸਸਫਾਰਮਰ ਨੂੰ ਤੋੜ ਕੇ ਉਸ ਵਿੱਚੋਂ ਤਾਂਬੇ ਦੇ ਕੁਆਇਲ ਸੁਖਵਿੰਦਰ ਸਿੰਘ ਉਰਫ ਸੁੱਖਾ, ਰਣਜੀਤ ਸਿੰਘ ਉਰਫ ਗੱਲੂ ਵਾਸੀਆਨ ਬਰਕਤਪੁਰ ਚੋਰੀ ਕਰਕੇ ਲੈ ਗਏ ਸਨ। 


ਪੁਲਿਸ ਨੇ ਕੇਸ ਦਰਜ ਕਰਕੇ ਇਸ ਦੀ ਤਫਤੀਸ਼ ਕੀਤੀ। ਇਸ ਦੌਰਾਨ ਨਾਕੇ ਵੇਲੇ ਪੁਲਿਸ ਨੇ ਸੁਖਵਿੰਦਰ ਸਿੰਘ ਉਰਫ ਸੁੱਖਾ, ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਮੋਟਰਸਾਈਕਲ ਨੰਬਰ ਪੀਬੀ 13-1908 ਮਾਰਕਾ ਟੀਵੀਐਸ ਤੇ ਟਰਾਂਸਫਾਰਮਰ ਵਿੱਚੋਂ ਕੱਢਿਆ ਤਾਂਬਾ 6 ਕੁਆਇਲ ਬਰਾਮਦ ਕੀਤੇ। 


 


ਪੁੱਛਗਿੱਛ ਕਰਨ ’ਤੇ ਇਨ੍ਹਾਂ ਦੱਸਿਆ ਕਿ ਉਹ ਇਹ ਟਰਾਂਸਫਾਰਮਰ ਤੇ ਬਿਜਲੀ ਦੀਆਂ ਤਾਰਾਂ ਚੋਰੀ ਕਰਕੇ ਕਬਾੜੀਏ ਨਰਿੰਦਰ ਸਿੰਘ ਉਰਫ ਪੱਪੀ ਵਾਸੀ ਬਰਕਤਪੁਰ ਨੂੰ ਵੇਚ ਦਿੰਦੇ ਸਨ। ਇਸ ਸਬੰਧੀ ਕਬਾੜੀਏ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਸੁਖਵਿੰਦਰ ਸਿੰਘ ਤੇ ਰਣਜੀਤ ਸਿੰਘ ਦਾ ਦੋ ਦਿਨਾਂ ਪੁਲਿਸ ਰਿਮਾਂਡ ਲਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।