ਪਟਿਆਲਾ ਵਿਖੇ ਨਾਭਾ ਰੋਡ ’ਤੇ ਅੱਜ ਹਥਿਆਰਬੰਦ ਵਿਅਕਤੀਆਂ ਨੇ ਪੀ.ਆਰ.ਟੀ.ਸੀ. ਠੇਕੇਦਾਰ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਠੇਕੇਦਾਰ ਦੀ ਪਛਾਣ ਦਰਸ਼ਨ ਸਿੰਗਲਾ ਵਾਸੀ ਸੁਨਾਮ ਊਧਮ ਸਿੰਘ ਵਾਲਾ ਵਜੋਂ ਹੋਈ ਹੈ।  ਉਸ ਨੂੰ ਪੰਜ ਗੋਲੀਆਂ ਲੱਗੀਆਂ। ਇਸ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ।

 


ਹਾਸਲ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦਰਸ਼ਨ ਸਿੰਘ ਆਪਣੀ ਵਰਨਾ ਗੱਡੀ ਵਿੱਚ ਸੀ। ਇਸ ਦੌਰਾਨ ਹਮਲਾਵਰ ਮੋਟਰਸਾਈਕਲ 'ਤੇ ਆਇਆ ਤੇ ਗੋਲੀਆਂ ਮਾਰ ਕੇ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦਰਸ਼ਨ ਸਿੰਘ ਨੂੰ 5 ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ, ਜਿਨ੍ਹਾਂ ਵਿੱਚੋਂ 2 ਗੋਲ਼ੀਆਂ ਉਸਦੇ ਸਿਰ 'ਤੇ, 2 ਪਿੱਠ ਤੇ ਇਕ ਵੱਖੀ 'ਚ ਲੱਗੀ ਹੈ। 

 



ਇਸ ਮਗਰੋਂ ਉਸ ਨੂੰ ਰਜਿੰਦਰਾ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਸੂਚਨਾ ਮਿਲਦਿਆਂ ਹੀ ਜਦੋਂ ਪਰਿਵਾਰਕ ਮੈਂਬਰ ਪਟਿਆਲਾ ਪੁੱਜੇ ਤਾਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।  ਪੁਲਿਸ ਮੁਤਾਬਕ ਅੱਜ ਸਵੇਰੇ 9.40 ਵਜੇ ਇਹ ਘਟਨਾ ਵਾਪਰੀ ਹੈ। ਦਰਸ਼ਨ ਸਿੰਘ ਸਰਵਿਸ ਪ੍ਰੋਵਾਈਡਰ ਦਾ ਕੰਮ ਕਰਦਾ ਸੀ। ਕਾਨਟਰੇਕਟ ਤੇ ਕਰਮਚਾਰੀ ਮੁਹੱਈਆ ਕਰਵਾਉਣ ਦਾ ਕੰਮ ਕਰਦਾ ਸੀ।

 

ਮੋਟਰਸਾਈਕਲ ਸਵਾਰ ਹਮਲਾਵਰ ਕਰੀਬ 9.40 'ਤੇ ਦੁਕਾਨ ਨਜ਼ਦੀਕ ਪਹੁੰਚਿਆ ਤੇ ਜਦੋਂ ਦਰਸ਼ਨ ਸਿੰਘ ਵਰਨਾ ਗੱਡੀ 'ਤੇ ਸਵਾਰ ਹੋ ਕੇ ਦੁਕਾਨ 'ਤੇ ਆਏ ਤਾਂ ਉਕਤ ਹਮਲਾਵਰ ਵੱਲੋਂ ਗੋਲ਼ੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਮੁਤਾਬਕ ਬਾਈਕ 'ਤੇ ਸਿਰਫ਼ ਇਕ ਵਿਅਕਤੀ ਹੀ ਸਵਾਰ ਸੀ ਤੇ ਦਰਸ਼ਨ ਸਿੰਘ ਨਾਲ ਕਾਰ 'ਚ ਹੋਰ ਵੀ ਵਿਅਕਤੀ ਸਵਾਰ ਸਨ। ਪੁਲਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।