Punjab News: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਦੇ ਸ਼ਹੀਦ ਫਲਾਈਟ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੂੰ ਪੰਜਾਬ ਸਰਕਾਰ ਵੱਲੋਂ ਸਕੂਲ ਆਫ਼ ਐਮੀਨੈਂਸ ਬਣਾਉਣ ਦਾ ਉਦਘਾਟਨ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਨੰਬਰ ਇੱਕ ਰਾਜ ਬਨਾਉਣ ਲਈ ਵਚਨਬੱਧ ਹੈ।


ਜੌੜਾਮਾਜਰਾ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀ ਕਰਨ ਵਾਲੇ ਸ਼ਹੀਦ ਮੋਹਿਤ ਕੁਮਾਰ ਗਰਗ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ਹੀਦ ਦੇ ਨਾਮ 'ਤੇ ਇਸ ਸਮਾਰਟ ਸਕੂਲ ਨੂੰ ਸਕੂਲ ਆਫ਼ ਐਮੀਨੈਂਸ ਬਣਾਉਣ ਦਾ ਅਹਿਮ ਫੈਸਲਾ ਕੀਤਾ। ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਗਾਂ ਵਾਲੇ ਹਨ, ਉਨ੍ਹਾਂ ਦਾ ਦਾਖਲਾ ਇਸ ਸਕੂਲ ਆਫ਼ ਐਮੀਨੈਂਸ ਵਿਖੇ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਪ੍ਰੇਰਤ ਕਰਦਿਆਂ ਕਿਹਾ ਕਿ ਮਨ ਲਗਾਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਜਿੱਥੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਦੇ ਹਨ, ਉਥੇ ਹੀ ਮਿੱਥੇ ਟੀਚੇ ਵੀ ਪ੍ਰਾਪਤ ਕਰਦੇ ਹਨ।


ਬਾਗਬਾਨੀ, ਸੁਤੰਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਮਾਜਰਾ ਨੇ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਦੀ ਥਾਂ ਆਪਣੇ ਹੀ ਦੇਸ਼ ਤੇ ਪੰਜਾਬ ਵਿੱਚ ਮਿਹਨਤ ਕਰਕੇ ਉਚੇ ਮੁਕਾਮ ਹਾਸਲ ਕਰਨ ਲਈ ਵੀ ਪ੍ਰੇਰਣਾ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨਸ਼ਾ ਮੁਕਤ ਤੇ ਰੰਗਲਾ ਪੰਜਾਬ ਬਣ ਰਿਹਾ ਹੈ, ਇਸ ਲਈ ਵਿਦਿਆਰਥੀ ਨਿੱਠਕੇ ਮਿਹਨਤ ਕਰਨ ਤੇ ਪੰਜਾਬ ਸਰਕਾਰ ਵੱਲੋਂ ਤੁਹਾਡੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ।


ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ 'ਤੇ ਇਸ ਸਕੂਲ ਲਈ 44 ਲੱਖ ਰੁਪਏ ਦੀ ਗ੍ਰਾਂਟ ਮਿਲ ਚੁੱਕੀ ਹੈ ਅਤੇ ਇੱਥੇ 2 ਕਰੋੜ ਰੁਪਏ ਦੇ ਵਿਕਾਸ ਕਾਰਜ ਜਲਦ ਮੁਕੰਮਲ ਹੋਣਗੇ। ਉਨ੍ਹਾਂ ਕਿਹਾ ਕਿ ਸਕੂਲ ਆਫ਼ ਐਮੀਨੈਂਸ ਵਿੱਚ ਡਿਜ਼ੀਟਲ ਕਲਾਸ ਰੂਮਜ਼ ਤੇ ਦਿਵਿਆਂਗ ਅਨੁਕੂਲ ਕੈਂਪਸ, ਅਤਿ-ਆਧੁਨਿਕ ਖੇਡ ਸਹੂਲਤਾਂ, ਐਕਸਪੋਜ਼ਰ ਪ੍ਰਦਾਨ ਕਰਨ ਲਈ ਸਟੱਡੀ ਟੂਰ, ਐਨ.ਸੀ.ਸੀ., ਐਨ.ਐਸ.ਐਸ., ਐਸ.ਪੀ.ਸੀ,


ਐਨ.ਟੀ.ਐਸ.ਈ. ਅਤੇ ਸੀ.ਐਸ.ਟੀ.ਐਸ.ਈ ਦੀ ਤਿਆਰੀ ਕਰਵਾਉਣ ਸਮੇਤ ਹੋਰਨਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾ ਕੇ ਆਪਣੇ ਰੋਜ਼ਗਾਰ ਸਮੇਤ ਵੱਡੀਆਂ ਸਰਕਾਰੀ ਨੌਕਰੀਆਂ ਲੈਣ ਦੇ ਕਾਬਲ ਬਣਾ ਕੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾਵੇਗਾ। ਇਸ ਲਈ ਵਿਦਿਆਰਥੀ ਇਸ ਸਕੂਲ ਦਾ ਲਾਭ ਲੈਣ ਅਤੇ ਉਹ ਖ਼ੁਦ ਵੀ ਲੋੜਵੰਦ ਵਿਦਿਆਰਥੀਆਂ ਦੀ ਫੀਸ ਆਦਿ ਦੀ ਮਦਦ ਕਰਨਗੇ।
ਕੈਬਨਿਟ ਮੰਤਰੀ ਨੇ ਸਕੂਲ ਵਿਖੇ ਵਿਦਿਆਰਥੀਆਂ ਲਈ ਲਾਇਨਜ਼ ਕਲੱਬ ਵੱਲੋਂ ਲਗਾਏ ਗਏ ਦੋ ਵਾਟਰ ਕੂਲਰ ਵੀ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ।