Punjab News: ਪੰਜਾਬ ਸਰਕਾਰ 2 ਅਕਤੂਬਰ ਨੂੰ ਪਟਿਆਲਾ ਦੇ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਵਿਸ਼ੇਸ਼ ਵਾਰਡ ਦਾ ਉਦਘਾਟਨ ਕਰੇਗੀ। ਇਸ ਪ੍ਰੋਗਰਾਮ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ। ਇਸ ਤੋਂ ਬਾਅਦ ਉਹ ਨਿਊ ਅਪੋਲੋ ਗਰਾਊਂਡ ਵਿਖੇ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਇਸ ਰੈਲੀ ਨੂੰ ਯਾਦਗਾਰ ਬਣਾਉਣ ਲਈ ਆਮ ਆਦਮੀ ਪਾਰਟੀ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ।


ਪਟਿਆਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਹੈ। ਇਸ ਸਮੇਂ ਉਨ੍ਹਾਂ ਦੀ ਪਤਨੀ ਇੱਥੋਂ ਸੰਸਦ ਮੈਂਬਰ ਹੈ। ਇਹ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਗ੍ਰਹਿ ਜ਼ਿਲ੍ਹਾ ਵੀ ਹੈ। ਸ਼ੁੱਕਰਵਾਰ ਨੂੰ  ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਨੇ ਦੱਸਿਆ ਕਿ ਮਾਤਾ ਕੌਸ਼ੱਲਿਆ ਹਸਪਤਾਲ 'ਚ ਬਣੇ ਨਵੇਂ ਵਿਸ਼ੇਸ਼ ਵਾਰਡ 'ਚ ਟੈਸਟਿੰਗ ਮਸ਼ੀਨਾਂ ਅਤੇ ਨਵੀਨਤਮ ਤਕਨੀਕ ਵਾਲੀਆਂ ਹੋਰ ਸਿਹਤ ਉਪਕਰਣ ਲਗਾਏ ਗਏ ਹਨ। ਇੱਥੇ ਹਰ ਤਰ੍ਹਾਂ ਦੇ ਟੈਸਟ ਅਤੇ ਇਲਾਜ ਦੀਆਂ ਸਹੂਲਤਾਂ ਉਪਲਬਧ ਹੋਣਗੀਆਂ। ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਅਜਿਹੇ ਹਸਪਤਾਲ ਪੂਰੇ ਪੰਜਾਬ ਵਿੱਚ ਬਣਾਉਣ ਦੀ ਯੋਜਨਾ ਬਣਾ ਰਹੀ ਹੈ।


ਇੱਕ ਮਹੀਨੇ ਵਿੱਚ ਕੇਜਰੀਵਾਲ ਦੀ ਇਹ ਦੂਜੀ ਪੰਜਾਬ ਫੇਰੀ ਹੈ। ਇਸ ਤੋਂ ਪਹਿਲਾਂ ਉਹ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਰਕਾਰੀ ਅਤੇ ਉਦਯੋਗਪਤੀਆਂ ਦੇ ਮੀਟਿੰਗ ਸਮਾਗਮਾਂ ਵਿੱਚ ਹਿੱਸਾ ਲੈ ਚੁੱਕੇ ਹਨ। 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪੰਜਾਬ 'ਚ ਹੋਣ ਵਾਲੀ ਰੈਲੀ ਲਈ ਪਾਰਟੀ ਵਿਸ਼ੇਸ਼ ਪ੍ਰਬੰਧ ਕਰਨ 'ਚ ਲੱਗੀ ਹੋਈ ਹੈ। ਹਰ ਵਿਧਾਨ ਸਭਾ ਹਲਕੇ ਤੋਂ ਆਗੂ 20-30 ਬੱਸਾਂ ਵਿੱਚ ਰੈਲੀ ਵਿੱਚ ਪੁੱਜਣਗੇ। ਇਸ ਰੈਲੀ ਨੂੰ ਸਫਲ ਬਣਾਉਣ ਲਈ ਹਰ ਵਰਗ ਦੇ ਪਾਰਟੀ ਆਗੂ ਜੁਟੇ ਹੋਏ ਹਨ।




ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।