Patiala News: ਕੰਪਿਊਟਰ ਅਧਿਆਪਕਾਂ ਨੇ ਸੂਬਾ ਸਰਕਾਰ ਦੀ ਵਾਅਦਾ ਖਿਲਾਫੀ ਤੇ ਟਾਲ ਮਟੌਲ ਵਾਲੀ ਨੀਤੀ ਤੋਂ ਅੱਕ ਕੇ ਹੁਣ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਲਿਆ ਹੈ। ਇਸ ਲੜੀ ਤਹਿਤ ਕੰਪਿਊਟਰ ਅਧਿਆਪਕਾਂ ਨੇ ਸੂਬਾ ਸਰਕਾਰ ਵੱਲੋਂ ਅੱਜ 2 ਅਕਤੂਬਰ ਨੂੰ ਪਟਿਆਲਾ ਵਿੱਚ ਉਲੀਕੇ ਸੂਬਾ ਪੱਧਰੀ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਕਾਲੀਆਂ ਝੰਡੀਆਂ ਨਾਲ ਫਿਰੋਧ ਕੀਤਾ ਜਾਵੇਗਾ।
ਕੰਪਿਊਟਰ ਅਧਿਆਪਕ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪਰਮਵੀਰ ਸਿੰਘ ਪੰਮੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਾਮਿਲ ਹੋ ਰਹੇ ਹਨ। ਇਸ ਦੌਰਾਨ ਕੇਜਰੀਵਾਲ ਵਾਪਸ ਜਾਓ ਦੀਆਂ ਤਖਤੀਆਂ ਲੈ ਕੇ ਸਵਾਗਤ ਕੀਤਾ ਜਾਵੇਗਾ।
ਅਧਿਆਪਕ ਆਗੂਆਂ ਨੇ ਦੱਸਿਆ ਕਿ ਕੰਪਿਊਟਰ ਅਧਿਆਪਕ ਪਿਛਲੇ ਡੇਢ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਸਿੱਖਿਆ ਮੰਤਰੀ ਨੇ ਵੀ ਮੰਗਾਂ ਨੂੰ ਜਾਇਜ਼ ਆਖਦਿਆਂ 15 ਸਤੰਬਰ, 2022 ਨੂੰ ‘ਦੀਵਾਲੀ’ ਮੌਕੇ ਉਨ੍ਹਾਂ ਦੇ ਹੱਕ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਜੋ 1 ਸਾਲ ਬੀਤ ਜਾਣ ਮਗਰੋਂ ਵੀ ਪੂਰਾ ਨਹੀਂ ਹੋਇਆ।
ਦੱਸ ਦਈਏ ਕਿ ਮਿਸ਼ਨ ਸਿਹਤ ਪੰਜਾਬ ਦੇ ਬੈਨਰ ਹੇਠ ਅੱਜ ਪਟਿਆਲਾ ’ਚ ਸੂਬਾਈ ਰੈਲੀ ਹੋ ਰਹੀ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਰੈਲੀ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ 14.50 ਕਰੋੜ ਦੀ ਲਾਗਤ ਵਾਲਾ ਸਿਹਤ ਪ੍ਰਾਜੈਕਟ ਸ਼ੁਰੂ ਕਰ ਕੇ 550 ਕਰੋੜ ’ਤੇ ਆਧਾਰਿਤ ਰਾਜ ਵਿਆਪੀ ਪ੍ਰਾਜੈਕਟ ਦਾ ਰਸਮੀ ਆਗਾਜ਼ ਕਰਨਗੇ। ਇਸ ਰੈਲੀ ’ਚ ਪੰਜਾਹ ਹਜ਼ਾਰ ਦੇ ਕਰੀਬ ਲੋਕਾਂ ਦੇ ਇਕੱਠ ਦਾ ਦਾਅਵਾ ਕੀਤਾ ਜਾ ਰਿਹਾ ਹੈ। ਰੈਲੀ ਦੌਰਾਨ ਸੁਰੱਖਿਆ ਲਈ ਦੋ ਹਜ਼ਾਰ ਤੋਂ ਵੀ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਹੋਣਗੇ।
ਇਸ ਰੈਲੀ ਸਥਾਨ ਦਾ ਚੰਡੀਗੜ੍ਹ ਤੋਂ ਡੀਜੀਪੀ (ਸਪੈਸ਼ਲ) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਵੀ ਐਤਵਾਰ ਨੂੰ ਜਾਇਜ਼ਾ ਲਿਆ। ਫੋਰਸ ਨੇ ਐਤਵਾਰ ਤੋਂ ਹੀ ਮੋਰਚੇ ਸੰਭਾਲ਼ ਲਏ ਹਨ। ਘੋੜ ਸਵਾਰ ਪੁਲਿਸ ਸਮੇਤ ਸੂਹੀਆ ਕੁੱਤਿਆਂ ਦਾ ਵੀ ਵਿਸ਼ੇਸ਼ ਪ੍ਰਬੰਧ ਹੈ। ਸਟੇਜ ਵਾਲੀ ਥਾਂ ਨੂੰ ਪਹਿਲਾਂ ਹੀ ਸੀਲ ਕੀਤਾ ਹੋਇਆ ਹੈ। ਪੁਖ਼ਤਾ ਪ੍ਰਬੰਧਾਂ ਦੀ ਨਿਗਰਾਨੀ ਐਸਐਸਪੀ ਵਰੁਣ ਸ਼ਰਮਾ ਆਈਪੀਐਸ ਕਰ ਰਹੇ ਹਨ। ਸੈਂਕੜੇ ਮੁਲਾਜ਼ਮ ਸਵਿਲ ਕੱਪੜਿਆਂ ’ਚ ਵੀ ਤਾਇਨਾਤ ਰਹਿਣਗੇ।
ਭਾਵੇਂ ਬਹੁਤੀਆਂ ਮੁਲਾਜ਼ਮ ਤੇ ਹੋਰ ਜਥੇਬੰਦੀਆਂ ਨਾਲ ਪ੍ਰਸ਼ਾਸਨ ਨੇ ਪਹਿਲਾਂ ਹੀ ਨਜਿੱਠ ਲਿਆ ਹੈ, ਪਰ ਫਿਰ ਵੀ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ। ਖਾਸ ਕਰ ਕੇ ਕਾਲੇ ਰੰਗ ਦੇ ਕੱਪੜੇ ਆਦਿ ਲੈ ਕੇ ਜਾਣ ਵਾਲਿਆਂ ’ਤੇ ਹੋਰ ਵੀ ਤਿੱਖੀ ਨਜ਼ਰ ਰੱਖੀ ਜਾਵੇਗੀ। ਪੁਲਿਸ ਮੁਲਾਜ਼ਮ ਨੂੰ ਬਲਾਕ ਵੰਡ ਕੇ ਹਦਾਇਤ ਕੀਤੀ ਗਈ ਹੈ ਕਿ ਜਿਸ ਕਿਸੇ ਦੇ ਵੀ ਬਲਾਕ ’ਚ ਕੋਈ ਪ੍ਰਦਰਸ਼ਨ ਜਾਂ ਨਾਅਰੇਬਾਜ਼ੀ ਦੀ ਘਟਨਾ ਵਾਪਰਦੀ ਹੈ ਤਾਂ ਉਸ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਏਵੀਏਸ਼ਨ ਕਲੱਬ ਸਮੇਤ ਇਸ ਦੇ ਪੰਜ ਕਿਲੋਮੀਟਰ ਦੇ ਘੇਰੇ ਨੂੰ ‘ਨੋ ਡਰੋਨ ਜ਼ੋਨ’ ਐਲਾਨਿਆ ਹੋਇਆ ਹੈ।