Patiala News: ਪਟਿਆਲਾ ਵਿੱਚ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਾ ਕਰਨ ਵਾਲੇ ਡਿਫਾਲਟਰ ਦੇ ਯੂਨਿਟ ਸੀਲ ਹੋਣਗੇ। ਇਸ ਬਾਰੇ ਨਗਰ ਨਿਗਮ ਨੇ ਪ੍ਰਕ੍ਰਿਆ ਵਿੱਢ ਦਿੱਤੀ ਹੈ। ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਾ ਕਰਨ ਵਾਲੇ ਡਿਫਾਲਟਰ ਯੂਨਿਟ ਮਾਲਕਾਂ ਨੂੰ ਹਫ਼ਤਾ ਪਹਿਲਾਂ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਪੂਰੀ ਕਰ ਲਈ ਸੀ। ਮੋਹਲਤ ਦਾ ਸਮਾਂ ਬੀਤਣ ਤੋਂ ਬਾਅਦ ਹੁਣ ਨਗਰ ਨਿਗਮ ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਯੂਨਿਟਾਂ ਨੂੰ ਸੀਲ ਕਰਨ ਦੀ ਕਾਰਵਾਈ ਕਰੇਗਾ। ਨਿਗਮ ਨੇ ਪਹਿਲੇ ਪੜਾਅ ਵਿੱਚ ਏ-ਕੈਟਾਗਰੀ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।


ਬੀਤੀ 11 ਨਵੰਬਰ ਨੂੰ ਜਿਨ੍ਹਾਂ ਸੱਤ ਕਮਰਸ਼ੀਅਲ ਯੂਨਿਟਾਂ ਨੂੰ ਸੀਲ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਸਨ, ਉਨ੍ਹਾਂ ਵਿੱਚੋਂ ਤਿੰਨ ਯੂਨਿਟ ਮਾਲਕਾਂ ਨੇ ਨਿਗਮ ਨੂੰ ਪ੍ਰਾਪਰਟੀ ਟੈਕਸ ਅਦਾ ਕਰ ਦਿੱਤਾ ਹੈ ਪਰ ਬਾਕੀ ਚਾਰ ਯੂਨਿਟਾਂ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸੰਯੁਕਤ ਕਮਿਸ਼ਨਰ ਨਮਨ ਮਦਕਨ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਦੇ ਹੁਕਮਾਂ ’ਤੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

 ਇਹ ਵੀ ਪੜ੍ਹੋ : Sidhu Moose Wala: ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਸਿਹਤ ਮੰਤਰੀ ਨਾਲ ਕੀਤੀ ਮੁਲਾਕਾਤ, ਮੰਤਰੀ ਜੌੜਾਮਾਜਰਾ ਕੋਲ ਰੱਖੀ ਇਹ ਮੰਗ


ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਏ-ਕੈਟਾਗਰੀ ਵਿੱਚ ਆਉਣ ਵਾਲਿਆਂ ਨੂੰ ਸੀਲਿੰਗ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਸਰਕਾਰੀ ਰਿਕਾਰਡ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਏ-ਕੈਟਾਗਰੀ ਦੇ 5237 ਯੂਨਿਟਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 200 ਯੂਨਿਟ ਮਾਲਕਾਂ ਨੂੰ ਡਿਮਾਂਡ ਨੋਟਿਸ ਜਾਰੀ ਕੀਤੇ ਗਏ ਹਨ। ਸੰਯੁਕਤ ਕਮਿਸ਼ਨਰ ਅਨੁਸਾਰ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਨੇ ਬੀ-ਸ਼੍ਰੇਣੀ ਤਹਿਤ ਤਿੰਨ ਹਜ਼ਾਰ ਯੂਨਿਟਾਂ ਦੀ ਸ਼ਨਾਖਤ ਕੀਤੀ ਹੈ।

ਇਸੇ ਦੌਰਾਨ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮਦਕਨ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਾਪਰਟੀ ਟੈਕਸ ਦਾ ਭੁਗਤਾਨ ਜ਼ਰੂਰ ਕਰਨ ਤਾਂ ਯੂਨਿਟ ਸੀਲ ਕਰਨ ਦੀ ਨੌਬਤ ਨਾ ਆਵੇ। ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਨੋਟਿਸ ਦੇ ਰੂਪ ’ਚ ਦਿੱਤੇ ਗਏ ਸਮੇਂ ਦਾ ਡਿਫਾਲਟਰਾਂ ਨੂੰ ਲਾਭ ਲੈਣਾ ਚਾਹੀਦਾ ਹੈ।

ਦੱਸ ਦਈਏ ਕਿ ਪਟਿਆਲਾ ਨਗਰ ਨਿਗਮ ਨੇ ਸਾਲ 2022-23 ਲਈ ਪ੍ਰਾਪਰਟੀ ਟੈਕਸ ਤਹਿਤ 15.50 ਕਰੋੜ ਹਾਸਲ ਕੀਤੇ ਹਨ ਤੇ 31 ਮਾਰਚ 2023 ਤੱਕ ਇਹ ਆਮਦਨ 18 ਕਰੋੜ ਦਾ ਅੰਕੜਾ ਪਾਰ ਕਰ ਜਾਵੇਗੀ। ਸੰਯੁਕਤ ਕਮਿਸ਼ਨਰ ਨਮਨ ਮਦਕਾਨ ਨੇ ਇੱਕ ਵਾਰ ਫਿਰ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਬਕਾਇਆ ਪ੍ਰਾਪਰਟੀ ਟੈਕਸ ਜਲਦੀ ਤੋਂ ਜਲਦੀ ਨਗਰ ਨਿਗਮ ਕੋਲ ਜਮ੍ਹਾਂ ਕਰਵਾਇਆ ਜਾਵੇ ਨਹੀਂ ਤਾਂ ਨਗਰ ਨਿਗਮ ਡਿਫਾਲਟਰ ਯੂਨਿਟਾਂ ਨੂੰ ਸੀਲ ਕਰਨ ਦੀ ਕਾਰਵਾਈ ਕਰੇਗਾ।