Patiala News: ਘਨੌਰ ਦੇ ਪਿੰਡ ਕੁਥਾ ਖੇੜੀ ਵਿਖੇ ਵੀਰਵਾਰ ਨੂੰ ਨਾਜਾਇਜ਼ ਮਾਈਨਿੰਗ ਹੋਣ ਦੀ ਮਿਲੀ ਸੂਚਨਾ ਦੇ ਆਧਾਰ 'ਤੇ ਭੂੰ ਖਣਨ ਵਿਭਾਗ ਦੇ ਮਾਈਨਿੰਗ ਇੰਸਪੈਕਟਰ ਸੁਸ਼ਾਂਤ ਵਾਲੀਆ ਤੇ ਵਿਕਰਮ ਜੇਈ ਦੀ ਅਗਵਾਈ 'ਚ ਮਾਈਨਿੰਗ ਵਿਭਾਗ ਦੀ ਟੀਮ ਦੇ ਫੀਲਡ ਸਟਾਫ਼ ਵੱਲੋਂ ਸਾਈਟ ਦੀ ਚੈਕਿੰਗ ਕੀਤੀ ਗਈ। 



ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਓ ਕਮ ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਰਾਘਵ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਇੱਕ ਖੇਤ ਵਿਚ ਕਰੀਬ 6-7 ਫੁੱਟ ਡੂੰਘਾ ਟੋਆ ਪੁੱਟਿਆ ਗਿਆ ਸੀ। ਉੱਥੇ ਹਿਟਾਚੀ ਕੰਪਨੀ ਦੀ ਪੋਕਲੇਨ ਮਸ਼ੀਨ ਖੜ੍ਹੀ ਸੀ। ਇਸ ਸਬੰਧੀ ਸਬੰਧਤ ਥਾਣਾ ਖੇੜੀ ਗੰਢਿਆਂ ਨੂੰ ਸੂਚਿਤ ਕੀਤਾ ਗਿਆ।


ਇਸ ਦੌਰਾਮ ਪੁਲਿਸ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ ਗਿਆ। ਗ਼ੈਰ-ਕਾਨੂੰਨੀ ਮਾਈਨਿੰਗ ਦੇ ਮੁੱਦੇ ਬਾਰੇ ਅਰਜ਼ੀ ਸਬੰਧਤ ਐਸਐਚਓ ਨੂੰ ਭੇਜੀ ਗਈ ਸੀ। ਪੰਜਾਬ ਮਾਈਨਜ਼ ਐਂਡ ਮਿਨਰਲਜ਼ ਰੂਲਜ਼ 2013 ਤੇ ਮਾਈਨਜ਼ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1957 ਤੇ ਐਨਜੀਟੀ ਦੇ ਦਿਸ਼ਾ-ਨਿਰਦੇਸ਼ ਮਿਤੀ 19-02-2020 ਤਹਿਤ ਕਾਰਵਾਈ ਕਰਨ ਲਈ ਕਿਹਾ ਗਿਆ ਸੀ।  



ਉਨ੍ਹਾਂ ਅੱਗੇ ਦੱਸਿਆ ਕਿ ਇਸ ਬਾਰੇ ਐਫਆਈਆਰ ਨੰਬਰ 90 ਮਿਤੀ 3-11-2022 ਨੂੰ ਥਾਣਾ ਖੇੜੀ ਗੰਢਿਆਂ ਵਿਖੇ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਇਲਾਕੇ ਦੀ ਨਿਯਮਤ ਚੈਕਿੰਗ ਤੇ ਗਸਤ ਵੀ ਕੀਤੀ ਜਾਂਦੀ ਹੈ ਤੇ ਜੋ ਕੋਈ ਵੀ ਇਲਾਕੇ ਵਿੱਚ ਗ਼ੈਰ -ਕਾਨੂੰਨੀ ਮਾਈਨਿੰਗ ਕਰਦਾ ਹੈ, ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਂਦੀ ਹੈ। 



ਅਧਿਕਾਰੀਆਂ ਨੇ ਅੱਗੇ ਹੋਰ ਦੱਸਿਆ ਕਿ ਇਸੇ ਤਰ੍ਹਾਂ 3 ਨਵੰਬਰ 2022 ਨੂੰ ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਦੌਧਰ ਵਿਖੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਤੇ ਨਜਾਇਜ਼ ਮਾਈਨਿੰਗ 'ਤੇ ਕਾਰਵਾਈ ਕਰਦੇ ਹੋਏ 1 ਟਿੱਪਰ ਤੇ ਪੋਕਲੇਨ ਚੌਕੀ ਇੰਚਾਰਜ ਡਕਾਲਾ ਨੂੰ ਸੌਂਪੇ ਗਏ ਤੇ ਇਕ ਹੋਰ ਛਾਪਾਮਾਰੀ ਪਿੰਡ ਸਹਿਜਪੁਰਾ ਖੁਰਦ ਵਿਖੇ ਕੀਤੀ ਗਈ।


ਗ਼ੈਰ-ਕਾਨੂੰਨੀ ਮਾਈਨਿੰਗ ਸਬੰਧੀ ਸ਼ਿਕਾਇਤ ਮਿਲੀ ਸੀ, ਇਸ 'ਤੇ 3 ਪੋਕਲੇਨ, 2 ਜੇਸੀਬੀਐਸ, 1 ਟਿੱਪਰ ਤੇ 1 ਟਰਾਲੀ ਬਰਾਮਦ ਕਰਕੇ ਪੁਲਿਸ ਚੌਂਕੀ ਮਵੀ ਕਲਾਂ ਸਮਾਣਾ ਦੇ ਹਵਾਲੇ ਕਰ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਉਪਰੋਕਤ ਮਸ਼ੀਨਰੀ ਮਾਲਕਾਂ ਵਿਰੁੱਧ 3 ਐਫਆਈਆਰਜ਼ ਦਰਜ ਕਰਕੇ ਅਤੇ ਜ਼ਮੀਨ ਮਾਲਕਾਂ ਵਿਰੁੱਧ ਅਗਲੇਰੀ ਜਾਂਚ ਲਈ ਦਰਖਾਸਤ ਲਿਖ ਦਿੱਤੀ ਗਈ ਹੈ।