Punjab News : ਪੰਜਾਬ ਦੇ ਪਟਿਆਲਾ ਵਿੱਚ ਐਸਐਸ ਸਰਵਿਸ ਪ੍ਰੋਵਾਈਡਰ ਦੇ ਡਾਇਰੈਕਟਰ ਦਰਸ਼ਨ ਕੁਮਾਰ ਸਿੰਗਲਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਫਰਾਰ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪਵਨ ਬਜਾਜ ਉਰਫ਼ ਰਿੰਕੂ ਅਰਬਨ ਅਸਟੇਟ ਫੇਜ਼-1, ਦੇ ਐਲਆਈਜੀ ਕੁਆਰਟਰ ਵਾਸੀ ਮੌਜੂਦਾ ਸਮੇਂ ਰਹਿਣ ਵਾਲੇ ਪਵਨ ਬਜਾਜ ਉਰਫ ਰਿੰਕੂ ਦੇ ਰੂਪ ਵਿਚ ਹੋਈ ਹੈ।
ਕਤਲ ਸਮੇਤ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਕੇਸ
ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਅਤੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗਠਿਤ ਕੀਤੀ ਵਿਸ਼ੇਸ਼ ਟੀਮ ਨੇ ਘਟਨਾ ਦੇ ਸਿਰਫ਼ 6 ਘੰਟਿਆਂ ਵਿੱਚ ਹੀ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਵਾਰਦਾਤ ’ਚ ਵਰਤਿਆ ਗਿਆ ਬੁਲਟ ਮੋਟਰਸਾਈਕਲ, 32 ਬੋਰ ਦਾ ਰਿਵਾਲਵਰ ਅਤੇ 5 ਖੋਲ ਬਰਾਮਦ ਕੀਤੇ ਗਏ ਹਨ। ਉਸ ਖ਼ਿਲਾਫ਼ ਥਾਣਾ ਸਿਵਲ ਲਾਈਨ ਪਟਿਆਲਾ ਵਿੱਚ ਕਤਲ ਸਮੇਤ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਪਵਨ ਬਜਾਜ ਨੇ ਕਾਰੋਬਾਰੀ ਸਰਦਾਰੀ ਨੂੰ ਲੈ ਕੇ ਕਰੀਬ 5 ਸਾਲਾਂ ਤੋਂ ਚੱਲ ਰਹੀ ਰੰਜਿਸ਼ ਕਾਰਨ ਦਰਸ਼ਨ ਕੁਮਾਰ ਸਿੰਗਲਾ ਦਾ ਕਤਲ ਕੀਤਾ ਹੈ। ਕਿਉਂਕਿ ਦਰਸ਼ਨ ਸਿੰਗਲਾ ਕੋਲ ਵੱਡੀ ਪੱਧਰ 'ਤੇ ਸਰਵਿਸ ਪ੍ਰੋਵਾਈਡਰ ਦੀ ਨੌਕਰੀ ਸੀ। ਉਹ ਪੀਆਰਟੀਸੀ ਤੇ ਹੋਰ ਸਰਕਾਰੀ ਅਤੇ ਗੈਰ-ਸਰਕਾਰੀ ਵਿਭਾਗਾਂ ਵਿਚ ਠੇਕੇ 'ਤੇ ਕਰਮਚਾਰੀ ਮੁਹੱਈਆ ਕਰਵਾਉਂਦੇ ਸਨ। ਦਰਸ਼ਨ ਸਿੰਗਲਾ ਦੀ ਫਰਮ ਐਸਐਸ ਸਰਵਿਸ ਪ੍ਰੋਵਾਈਡਰ ਦਾ ਦਫ਼ਤਰ ਨਾਭਾ ਰੋਡ ’ਤੇ ਹੈ। ਮੁਲਜ਼ਮ ਪਵਨ ਬਜਾਜ ਵੀ ਇੱਥੇ ਕਾਰੋਬਾਰ ਕਰਦਾ ਸੀ।
4 ਮਈ ਨੂੰ ਦਫ਼ਤਰ ਦੇ ਬਾਹਰ ਦਰਸ਼ਨ ਸਿੰਗਲਾ ਦਾ ਗੋਲੀ ਮਾਰ ਕੇ ਕਤਲ
ਦਰਸ਼ਨ ਕੁਮਾਰ ਸਿੰਗਲਾ ਅਤੇ ਪਵਨ ਬਜਾਜ ਵਿਚਕਾਰ 4-5 ਸਾਲਾਂ ਤੋਂ ਵਪਾਰਕ ਸਰਦਾਰੀ ਦਾ ਸੰਘਰਸ਼ ਚੱਲ ਰਿਹਾ ਸੀ। ਦੋਵਾਂ ਨੇ ਕਈ ਵਿਭਾਗਾਂ ਅਤੇ ਫਰਮਾਂ ਵਿੱਚ ਇੱਕ-ਦੂਜੇ ਖ਼ਿਲਾਫ਼ ਸ਼ਿਕਾਇਤਾਂ ਵੀ ਕੀਤੀਆਂ ਸਨ। ਪਵਨ ਬਜਾਜ ਕੋਲ ਜੀਐਮਸੀਐਚ, ਸੈਕਟਰ-32, ਚੰਡੀਗੜ੍ਹ ਵਿੱਚ ਪੈਰਾ ਮੈਡੀਕਲ ਸਟਾਫ ਦਾ ਠੇਕਾ ਹੈ। ਪਰ ਕਾਰੋਬਾਰੀ ਸ਼ਹਿ ਕਾਰਨ ਵਧੀ ਰੰਜਿਸ਼ ਕਾਰਨ ਪਵਨ ਬਜਾਜ ਨੇ 4 ਮਈ ਦੀ ਸਵੇਰ ਨੂੰ ਆਪਣੇ ਦਫ਼ਤਰ ਦੇ ਬਾਹਰ ਦਰਸ਼ਨ ਸਿੰਗਲਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।