Attack On Police Gone To Stop Hooligans In Patiala : ਪਟਿਆਲਾ 'ਚ ਹੁੱਲੜਬਾਜ਼ਾਂ ਨੂੰ ਰੋਕਣ ਗਈ ਪੁਲਿਸ ਪਾਰਟੀ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ’ਤੇ ਮੋਟਰਸਾਈਕਲ ਚੜ੍ਹਾ ਦਿੱਤਾ, ਜਿਸ ਕਾਰਨ ਉਸ ਦੀ ਸੱਜੀ ਲੱਤ ਟੁੱਟ ਗਈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।


 


ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ


ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਇਸ ਮਾਮਲੇ 'ਚ 22 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਜਦਕਿ ਕੁਝ ਅਣਪਛਾਤੇ ਲੋਕਾਂ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।



ਨਾਮਜ਼ਦ ਮੁਲਜ਼ਮਾਂ ਵਿੱਚ ਰਾਜਵਿੰਦਰ ਸਿੰਘ ਵਾਸੀ ਰਣਜੀਤ ਵਿਹਾਰ, ਅਬੀ, ਆਕਾਸ਼, ਵਿਸ਼ਨੂੰ, ਆਦਿਤਿਆ, ਗੋਲਡੀ ਸਿੰਘ, ਅਜੈ ਕੁਮਾਰ, ਸਾਗਰ, ਕਰਨ, ਸਰਬ ਸਾਰੇ ਵਾਸੀ ਅਲੀਪੁਰ ਅਰਾਈਆ ਪਟਿਆਲਾ, ਸਚਿਨ, ਰੋਸ਼ਨਾਸ ਸ਼ਿਵਾ ਵਾਸੀ ਭਾਰਤ ਨਗਰ ਪਟਿਆਲਾ, ਕੈਟ, ਅਭੀ ਵਾਸੀ ਸ. ਸੁਖਰਾਮ ਕਲੋਨੀ ਪਟਿਆਲਾ, ਵਿਜੇ ਵਾਸੀ ਫੋਕਲ ਪੁਆਇੰਟ ਪਟਿਆਲਾ, ਬਾਵਾ, ਸੰਨੀ, ਬੱਬੀ ਵਾਸੀ ਪਿੰਡ ਦੌਲਤਪੁਰ, ਰੌਸ਼ਨ ਕੁਮਾਰ ਵਾਸੀ ਰਣਜੀਤ ਵਿਹਾਰ ਪਟਿਆਲਾ, ਸੋਮਨਾਥ ਵਾਸੀ ਪਾਸੀ ਰੋਡ ਪਟਿਆਲਾ, ਮਨੀ ਕੁਮਾਰ ਵਾਸੀ ਮੇਹਰ ਕਲੋਨੀ ਪਿੰਡ ਚੌਰਾਂ ਪਟਿਆਲਾ ਸ਼ਾਮਲ ਹਨ। ਇਨ੍ਹਾਂ ਵਿੱਚੋਂ ਸ਼ਿਵਾ, ਗੋਲਡੀ ਸਿੰਘ, ਅਜੈ ਕੁਮਾਰ, ਮਨੀ ਕੁਮਾਰ ਅਤੇ ਸੋਮਨਾਥ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।


ਫਰਾਰ ਹੋ ਗਏ ਮੁਲਜ਼ਮ


ਸ਼ਿਕਾਇਤਕਰਤਾ ਐਸਆਈ ਗੁਰਪ੍ਰੀਤ ਸਿੰਘ ਅਨੁਸਾਰ ਸੂਚਨਾ ਮਿਲੀ ਸੀ ਕਿ ਪ੍ਰਾਇਮਰੀ ਸਕੂਲ ਰਸੂਲਪੁਰ ਸੈਦਾਂ ਕੋਲ 40-50 ਲੜਕੇ ਹਥਿਆਰਾਂ ਸਮੇਤ ਖੜ੍ਹੇ ਹਨ। ਜਦੋਂ ਉਹ ਆਪਣੀ ਟੀਮ ਅਤੇ ਪੀਸੀਆਰ ਨਾਲ ਮੌਕੇ ’ਤੇ ਪੁੱਜੇ ਤਾਂ ਪੀਸੀਆਰ ਦੀ ਆਵਾਜ਼ ਸੁਣ ਕੇ ਸਾਰੇ ਮੁਲਜ਼ਮ ਰੌਲਾ ਪਾਉਣ ਲੱਗੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ।


ਸਾਹਮਣੇ ਤੋਂ ਆ ਰਹੇ ਮੁਲਜ਼ਮਾਂ ਦੇ ਮੋਟਰਸਾਈਕਲ ਨੂੰ ਰੋਕਣ ਲਈ ਸੀਨੀਅਰ ਕਾਂਸਟੇਬਲ ਨੇ ਸਰਕਾਰੀ ਗੱਡੀ ਨੂੰ ਸਾਈਡ ’ਤੇ ਲਾ ਕੇ ਇਸ਼ਾਰਾ ਕੀਤਾ ਪਰ ਮੁਲਜ਼ਮਾਂ ਨੇ ਪੁਲਿਸ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਤਿੰਨ ਮੁਲਜ਼ਮ ਨੌਜਵਾਨਾਂ ਨੇ ਸੀਨੀਅਰ ਕਾਂਸਟੇਬਲ ’ਤੇ ਆਪਣਾ ਮੋਟਰਸਾਈਕਲ ਭਜਾ ਦਿੱਤਾ, ਜਿਸ ਕਾਰਨ ਸੀਨੀਅਰ ਕਾਂਸਟੇਬਲ ਦੀ ਸੱਜੀ ਲੱਤ ਟੁੱਟ ਗਈ। ਬਾਅਦ ਵਿੱਚ ਮੁਲਜ਼ਮ ਮੋਟਰਸਾਈਕਲ ’ਤੇ ਮੌਕੇ ਤੋਂ ਫ਼ਰਾਰ ਹੋ ਗਏ।