Patiala news: ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਅੱਜ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨੂੰ ਪਟਿਆਲਾ ਤੋਂ ਸੰਗਰੂਰ ਦੇ ਲਹਿਰਾ ਵਿਖੇ ਤਬਦੀਲ ਕਰਨ ਦੇ ਕਦਮ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਹੈ।


ਇੱਥੇ ਜਾਰੀ ਇੱਕ ਬਿਆਨ ਵਿੱਚ ਪ੍ਰਨੀਤ ਕੌਰ ਨੇ ਕਿਹਾ, "ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਲਈ ਸਿੱਖਿਆ ਕ੍ਰਾਂਤੀ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਹੁਣ ਤੱਕ ਅਜਿਹਾ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਪਹਿਲਾਂ ਤੋਂ ਚੱਲ ਰਹੇ ਸਮਾਰਟ ਸਕੂਲਾਂ ਦਾ ਨਾਮ ਬਦਲ ਕੇ 'ਸਕੂਲ ਆਫ਼ ਐਮੀਨੈਂਸ' ਕਰਨ ਤੋਂ ਇਲਾਵਾ, ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਕੁਝ ਵੀ ਨਹੀਂ ਕਰ ਸਕੀ।"


ਪਟਿਆਲਾ ਦੇ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ "ਹੁਣ ਪੰਜਾਬ ਸਰਕਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨੂੰ ਆਪਣੇ ਸਿਆਸੀ ਲਾਹੇ ਲਈ ਸੰਗਰੂਰ ਦੇ ਲਹਿਰਾ ਵਿੱਚ ਤਬਦੀਲ ਕਰਨ ਦੀ ਤਿਆਰੀ ਕਰ ਰਹੀ ਹੈ, ਜੋ ਕਿ ਅਤਿ ਨਿੰਦਣਯੋਗ ਹੈ। ਸ਼ਰਮਨਾਕ ਹੈ ਕਿ ਪੰਜਾਬ ਸਰਕਾਰ ਕੋਈ ਵੀ ਨਵੀਂ ਵਿੱਦਿਅਕ ਸੰਸਥਾ ਸ਼ੁਰੂ ਕਰਨ ਦੀ ਬਜਾਏ ਪਹਿਲਾਂ ਤੋਂ ਚੱਲ ਰਹੇ ਇੰਸਟੀਚਿਊਟ ਨੂੰ ਉਖਾੜ ਰਹੀ ਹੈ।"


ਇਹ ਵੀ ਪੜ੍ਹੋ: Delhi School Winter Vacation: 9 ਤੋਂ 18 ਨਵੰਬਰ ਤੱਕ ਦਿੱਲੀ ਦੇ ਸਕੂਲਾਂ ‘ਚ ਪਈਆਂ ਬੱਚਿਆਂ ਨੂੰ ਛੁੱਟੀਆਂ, ਸਰਕਾਰ ਨੇ ਲਿਆ ਅਹਿਮ ਫੈਸਲਾ


ਯੂਨੀਵਰਸਿਟੀ ਦੀ ਸਥਾਪਨਾ ਬਾਰੇ ਗੱਲ ਕਰਦਿਆਂ, ਪਟਿਆਲਾ ਦੇ ਸੰਸਦ ਮੈਂਬਰ ਨੇ ਅੱਗੇ ਕਿਹਾ, “ਜਦੋਂ ਕੋਈ ਨਵੀਂ ਯੂਨੀਵਰਸਿਟੀ ਸਥਾਪਿਤ ਕੀਤੀ ਜਾਂਦੀ ਹੈ ਤਾਂ ਇਹ ਨਾ ਸਿਰਫ ਨੌਜਵਾਨਾਂ ਲਈ ਵਧੇਰੇ ਸਿੱਖਿਆ ਦੇ ਮੌਕੇ ਪ੍ਰਦਾਨ ਕਰਦੀ ਹੈ, ਬਲਕਿ ਇਹ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਵੀ ਪੈਦਾ ਕਰਦੀ ਹੈ ਅਤੇ ਆਸ ਪਾਸ ਰਹਿਣ ਵਾਲੇ ਲੋਕਾਂ ਲਈ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਂਦੀ ਹੈ।


ਪੰਜਾਬ ਸਰਕਾਰ ਨੂੰ ਇਸ ਨੂੰ ਲਹਿਰਾ ਦੇ ਕਿਸੇ ਕਾਲਜ ਵਿੱਚ ਤਬਦੀਲ ਕਰਨ ਦੀ ਬਜਾਏ ਪਟਿਆਲਾ ਵਿੱਚ ਇਸ ਯੂਨੀਵਰਸਿਟੀ ਲਈ ਪੱਕਾ ਕੈਂਪਸ ਸਥਾਪਤ ਕਰਨ ਲਈ ਜ਼ਮੀਨ ਐਕਵਾਇਰ ਕਰਨ ਦਾ ਕੰਮ ਕਰਨਾ ਚਾਹੀਦਾ ਹੈ। ਇਸ ਯੂਨੀਵਰਸਿਟੀ ਨੂੰ ਕਿਸੇ ਹੋਰ ਜ਼ਿਲ੍ਹੇ ਵਿੱਚ ਤਬਦੀਲ ਕਰਕੇ ਪੰਜਾਬ ਸਰਕਾਰ ਸਾਡੇ ਪਟਿਆਲਾ ਜ਼ਿਲੇ ਦੇ ਲੋਕ ਕੋਲੋਂ ਇੱਕ ਉੱਘੇ ਸੰਸਥਾਨ ਦੇ ਨਾਲ-ਨਾਲ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਵੀ ਖੋਹ ਰਹੀ ਹੈ। 


ਉਨ੍ਹਾਂ ਨੇ ਅੱਗੇ ਦੱਸਿਆ, "ਇਸ ਯੂਨੀਵਰਸਿਟੀ ਦੀ ਸਥਾਪਨਾ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਹਿੱਸੇ ਵਜੋਂ ਕੀਤੀ ਗਈ ਸੀ ਅਤੇ ਅਕਾਦਮਿਕ ਸੈਸ਼ਨ 2021 ਤੋਂ ਸ਼ੁਰੂ ਹੋਇਆ ਸੀ।"


ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਸਿਰਫ਼ ਇਸ ਲਈ ਦੁਖੀ ਕਰਨਾ ਪੂਰੀ ਤਰ੍ਹਾਂ ਨਾਲ ਬੇਇਨਸਾਫ਼ੀ ਹੈ ਕਿਉਂਕਿ ਮੌਜੂਦਾ ਸਰਕਾਰ ਆਪਣਾ ਫਰਜ਼ ਨਿਭਾਉਣ ਵਿੱਚ ਅਸਫਲ ਰਹੀ ਹੈ।


ਇਹ ਵੀ ਪੜ੍ਹੋ: Sgpc President Election: ਸ਼੍ਰੋਮਣੀ ਕਮੇਟੀ ਚੋਣ ਤੋਂ ਪਹਿਲਾਂ ਬਾਦਲ ਧੜੇ ਦੇ ਵਿਰੋਧੀਆਂ ਨੇ ਕੀਤਾ ਵੱਡਾ ਐਲਾਨ, ਇੱਕ ਪਰਿਵਾਰ ਦਾ ਏਕਾਅਧਿਕਾਰ ਹੋਏਗਾ ਖਤਮ