Patiala  News: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਚੋਰੀ ਦੀ ਕੋਸ਼ਿਸ਼ ਹੋਈ ਹੈ। ਇਸ ਵਾਰ ਚੋਰੀ ਕਿਸੇ ਪੈਸੇ ਜਾਂ ਕੋਈ ਸਮਾਨ ਦੀ ਨਹੀਂ ਸਗੋਂ ਨਿਸ਼ਾਨਾ ਮੁਲਾਜ਼ਮਾਂ ਦੀ ਭਰਤੀ ਸਬੰਧੀ ਰਿਕਾਰਡ ਨੂੰ ਬਣਾਇਆ ਗਿਆ ਹੈ। ਉਂਝ ਚੋਰਾਂ ਨੂੰ ਸਫਲਤਾ ਨਹੀਂ ਮਿਲੀ ਤੇ ਖਾਲੀ ਹੱਥ ਮੁੜਨਾ ਪਿਆ। ਇਹ ਚੋਰੀ ਦੀ ਕੋਸ਼ਿਸ਼ ਐਤਵਾਰ ਨੂੰ ਕੀਤੀ ਗਈ। ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ। 


ਹਾਸਲ ਜਾਣਕਾਰੀ ਮੁਤਾਬਕ ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ 'ਚ ਬਣੀ ਸੀਕਰੇਸੀ ਸ਼ਾਖਾ ਦੇ ਨਾਲ ਹੀ ਭਰਤੀ ਸ਼ਾਖਾ ਹੈ। ਇੱਥੇ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਭਰਤੀ ਤੇ ਉਨ੍ਹਾਂ ਨਾਲ ਸਬੰਧਤ ਹੋਰ ਰਿਕਾਰਡ ਰੱਖਿਆ ਜਾਂਦਾ ਹੈ। ਸੋਮਵਾਰ ਸਵੇਰੇ ਜਦੋਂ ਇਸ ਸ਼ਾਖਾ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ ਤੇ ਸਾਰਾ ਰਿਕਾਰਡ ਖਿੱਲਰਿਆ ਹੋਇਆ ਸੀ। ਚੋਰ ਐਲਿਊਮੀਨੀਅਮ ਦੀ ਖਿੜਕੀ ਤੋੜ ਕੇ ਅੰਦਰ ਵੜੇ ਸਨ। ਮੁਲਾਜ਼ਮਾਂ ਨੇ ਇਸ ਬਾਰੇ ਸੀਨੀਅਰ ਅਧਿਕਾਰੀਆਂ ਤੇ ਸੁਰੱਖਿਆ ਅਮਲੇ ਨੂੰ ਜਾਣੂੰ ਕਰਵਾਇਆ। ਤੁਰੰਤ ਪੁਲਿਸ ਕੋਲ ਲਿਖਤੀ ਸ਼ਿਕਾਇਤ ਕੀਤੀ ਗਈ।


ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਰਿਕਾਰਡ ਨਾਲ ਛੇੜਛਾੜ ਹੋਈ ਹੈ ਪਰ ਕੁਝ ਵੀ ਗਾਇਬ ਨਹੀਂ ਹੋਇਆ। ਰਜਿਸਟਰਾਰ ਦੀ ਅਗਵਾਈ 'ਚ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਹੈ ਤਾਂ ਜੋ ਚੋਰੀ ਹੋਏ ਰਿਕਾਰਡ ਤੇ ਚੋਰੀ ਕਰਨ ਵਾਲਿਆਂ ਦੀ ਪਛਾਣ ਹੋ ਸਕੇ।


ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਦੇ ਜਿਹੜੇ ਮੁਲਾਜ਼ਮ ਕੱਚੇ ਤੋਂ ਪੱਕੇ ਕੀਤੇ ਜਾਣੇ ਸਨ, ਉਨ੍ਹਾਂ ਦੇ ਭਰਤੀ ਰਿਕਾਰਡ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ਦੇ ਕੱਚੇ ਮੁਲਾਜ਼ਮ ਲੰਮੇ ਸਮੇਂ ਤੋਂ ਪੱਕਾ ਹੋਣ ਲਈ ਸੰਘਰਸ਼ ਕਰ ਰਹੇ ਹਨ। ਲੰਬੀ ਜੱਦੋ ਜਹਿਦ ਤੋਂ ਬਾਅਦ ਯੂਨੀਵਰਸਿਟੀ ਨੇ ਵਰਕ ਚਾਰਜ ਵਾਲੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ ਇਨ੍ਹਾਂ ਮੁਲਾਜ਼ਮਾਂ ਦੇ ਭਰਤੀ ਸਮੇਂ ਦਿੱਤੇ ਕਾਗਜ਼ਾਂ ਦੀ ਪੜਤਾਲ ਸ਼ੁਰੂ ਕੀਤੀ ਗਈ ਸੀ।  ਇਸੇ ਦੌਰਾਨ ਚੋਰੀ ਦੀ ਇਹ ਕੋਸ਼ਿਸ਼ ਕੀਤੀ ਗਈ ਹੈ। ਚਰਚਾ ਹੈ ਕਿ ਚੋਰ ਭਰਤੀ ਸ਼ਾਖਾ 'ਚ ਪਈਆਂ ਪੱਕੇ ਹੋਣ ਵਾਲੇ ਮੁਲਾਜਮਾਂ ਦੀਆਂ ਫਾਈਲਾਂ ਹੀ ਚੋਰੀ ਕਰਨ ਆਇਆ ਸੀ। 


 


Mohali : ਜਗਤਾਰ ਸਿੰਘ ਹਵਾਰਾ ਨੂੰ ਮੁੜ ਅਦਾਲਤ 'ਚ ਪੇਸ਼ ਨਹੀਂ ਕਰ ਸਕੀ ਤਿਹਾੜ ਜੇਲ੍ਹ ਪੁਲਿਸ, ਦੱਸਿਆ ਆਹ ਕਾਰਨ