Patiala News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਵੱਲੋਂ ਅੱਜ ਅਚਨਚੇਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦਫਤਰ ਵਿਖੇ ਅਚਨਚੇਤ ਚੈਕਿੰਗ ਕੀਤੀ ਅਤੇ ਮੁਲਾਜ਼ਮਾਂ ਦੇ ਹਾਜ਼ਰੀ ਰਜਿਸਟਰ ਚੈਕ ਕਰਨ ਮਗਰੋਂ ਗੁਰਦੁਆਰਾ ਪ੍ਰਬੰਧਕਾਂ ਨੂੰ ਕੰਮ ਕਾਜ ਨੂੰ ਸੁਚਾਰੂ ਰੱਖਣ ਅਤੇ ਮੁਲਾਜ਼ਮਾਂ ਨੂੰ ਡਿਊਟੀ ਸਮੇਂ ਸਿਰ ਕਰਨ ਸਮੇਤ ਚੌਕਸੀ ਅਤੇ ਮੁਸਤੈਦੀ ਰੱਖਣ ਦੇ ਆਦੇਸ਼ ਵੀ ਦਿੱਤੇ।

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸਰਾਵਾਂ ਦੇ ਚੱਲ ਰਹੇ ਨਵੀਨੀਕਰਨ ਦੇ ਕੰਮਾਂ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਕੰਮਾਂ ਨੂੰ ਸੀਮਾ ਮਿਆਦ ਵਿਚ ਮੁਕੰਮਲ ਕਰਨ ਲਈ ਵੀ ਪ੍ਰਬੰਧਕਾਂ ਨੂੰ ਆਖਿਆ। ਇਸ ਮੌਕੇ ਉਨ੍ਹਾਂ ਮਾਤਾ ਨਾਨਕੀ ਨਿਵਾਸ ਵਿਖੇ ਵੀ ਸੰਗਤਾਂ ਦੇ ਠਹਿਰਣ ਲਈ ਕੀਤੇ ਜਾਂਦੇ ਪ੍ਰਬੰਧ ਵੀ ਵੇਖੇ ਅਤੇ ਬੁਕਿੰਗ ਰਜਿਸਟਰਾਂ ਦੀ ਵੀ ਚੈਕਿੰਗ ਕੀਤੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਨਾਭਾ ਵਿਖੇ ਮਹਾਰਾਜਾ ਰਿਪੁਦਮਨ ਸਿੰਘ ਦੀ 100 ਸਾਲਾ ਸ਼ਤਾਬਦੀ ਜਾਹੋ ਜਲਾਲ ਨਾਲ ਮਨਾਈ ਜਾਵੇਗੀ ਅਤੇ 7 ਸਤੰਬਰ ਨੂੰ ਨਾਭਾ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਕੇ ਸਮਾਗਮ ਦੀ ਆਰੰਭਤਾ ਕੀਤੀ ਜਾਵੇਗੀ ਅਤੇ 9 ਸਤੰਬਰ ਨੂੰ ਮੁੱਖ ਸਮਾਗਮ ਕੀਤਾ ਜਾਵੇ, ਜਿਸ ਦੀਆਂ ਤਿਆਰੀਆਂ ਲਈ ਗਠਿਤ ਕੀਤੀ ਸਬ ਕਮੇਟੀ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਦੱਸਿਆ ਜੈਤੋ ਮੋਰਚੇ ਨਾਲ ਸਬੰਧਤ ਸ਼ਤਾਬਦੀ ਵੀ ਸ਼ੋ੍ਰਮਣੀ ਕਮੇਟੀ ਵੱਲੋਂ ਮਨਾਏ ਜਾਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਾਭਾ ਦਿਵਸ ਦੇ ਸਬੰਧ ਵਿਚ 19 ਅਗਸਤ ਨੂੰ ਸੈਮੀਨਾਰ ਵੀ ਕਰਵਾਇਆ ਜਾ ਰਿਹਾ ਹੈ।

ਇਕ ਸਵਾਲ ਦੇ ਜਵਾਬ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਨੀਤੀਗਤ ਤਰੀਕੇ ਨਾਲ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਹਰ ਹਰਬਾ ਵਰਤ ਰਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕੂੜ ਪ੍ਰਚਾਰ ਕਰਕੇ ਸਿਰਮੌਰ ਸੰਸਥਾ ਦੇ ਅਕਸ ਨੂੰ ਢਾਹ ਵਾਲਿਆਂ ਦੇ ਮਨਸੂਬੇ ਕਦੇ ਵੀ ਸਫਲ ਨਹੀਂ ਹੋਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪ੍ਰਬੰਧ ਨੂੰ ਵਧੇਰੇ ਸੁਚਾਰੂ ਰੱਖਣ ਲਈ ਸੁਝਾਅ ਤਾਂ ਸੰਗਤੀ ਰੂਪ ਵਿਚ ਮੰਨੇ ਜਾ ਸਕਦੇ ਹਨ, ਪ੍ਰੰਤੂ ਝੂਠ ਅਤੇ ਭਰਮ ਭੁਲੇਖੇ ਪੈਦਾ ਕਰਨ ਦਾ ਮਾਹੌਲ ਸਿਰਜਣ ਵਾਲਿਆਂ ਨੂੰ ਸਿੱਖ ਪੰਥ ਕਦੇ ਵੀ ਮੁਆਫ਼ ਨਹੀਂ ਕਰ ਸਕਦਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹਰਿਅਣਾ ਕਮੇਟੀ ਦੀ ਮੀਟਿੰਗ ਵਿਚ ਵਾਪਰੀ ਘਟਨਾ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਹੋਇਆ ਸਿੱਖ ਪ੍ਰੰਪਰਾਵਾਂ ਦੇ ਅਨਕੂਲ ਨਹੀਂ ਹੈ ਅਜਿਹੀਆਂ ਘਟਨਾਵਾਂ ਪ੍ਰਤੀ ਸਾਰਿਆਂ ਨੂੰ ਸੰਜੀਦਾ ਰਹਿੰਦੇ ਹੋਏ ਮਸਲੇ ਗੱਲਬਾਤ ਰਾਹੀਂ ਹੱਲ ਕਰਨੇ ਚਾਹੀਦੇ ਹਨ ਨਾ ਕਿ ਗਾਲੀ ਗਲੋਚ ਦਾ ਸਹਾਰਾ ਲੈ ਕੇ ਸਿੱਖ ਪ੍ਰੰਪਰਾਵਾਂ ਨੂੰ ਸੱਟ ਮਾਰੀ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ’ਤੇ ਹਰਿਆਣਾ ਕਮੇਟੀ ਬਾਰੇ ਫੈਸਲਾ ਹੋਇਆ, ਪਰ ਜਿਨ੍ਹਾਂ ਵਿਅਕਤੀਆਂ ਦੇ ਹੱਥਾਂ ’ਚ ਪ੍ਰਬੰਧ ਨੂੰ ਸੌਂਪਿਆ ਗਿਆ ਉਨ੍ਹਾਂ ਅੱਗੇ ਅਨੇਕਾਂ ਹੀ ਚੁਣੌਤੀਆਂ ਰਹਿਣ ਕਾਰਨ ਅਜਿਹੇ ਹਾਲਾਤ ਕੌਮ ਨੂੰ ਵੇਖਣੇ ਪੈ ਰਹੇ ਹਨ, ਜਿਨ੍ਹਾਂ ਨੂੰ ਮੰਦਭਾਗਾ ਹੀ ਆਖਿਆ ਜਾ ਸਕਦਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਮਨਦੀਪ ਸਿੰਘ ਭਲਵਾਨ, ਅਕਾਊਟੈਂਟ ਵਰਿੰਦਰ ਸਿੰਘ ਗੋਲਡੀ, ਸਰਬਜੀਤ ਸਿੰਘ, ਹਰਵਿੰਦਰ ਸਿੰਘ ਕਾਹਲਵਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਅਧਿਕਾਰੀ ਤੇ ਸਟਾਫ ਮੈਂਬਰ ਆਦਿ ਸ਼ਾਮਲ ਸਨ।