Patiala News: ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ 'ਤੇ ਪੰਜਾਬ ਦੀ ਟਰੱਕ ਯੂਨੀਅਨ ਪਿਛਲੇ 4 ਦਿਨਾਂ ਤੋਂ ਹੜਤਾਲ 'ਤੇ ਹੈ। ਟਰਾਂਸਪੋਰਟਰਾਂ ਨੇ ਸ਼ੰਭੂ 'ਚ ਅੰਬਾਲਾ-ਰਾਜਪੁਰਾ ਹਾਈਵੇਅ 'ਤੇ ਅਣਮਿੱਥੇ ਸਮੇਂ ਲਈ ਟਰੱਕ ਖੜ੍ਹੇ ਕਰਕੇ ਜਾਮ ਕਰ ਦਿੱਤਾ ਹੈ, ਜਿਸ ਕਾਰਨ ਵੱਡੀ ਗਿਣਤੀ 'ਚ ਟਰੱਕ ਅੰਬਾਲਾ 'ਚ ਫਸੇ ਹੋਏ ਹਨ। ਇਹ ਜਾਮ ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨ ਭੰਗ ਕੀਤੇ ਜਾਣ ਦੇ ਰੋਸ ਵਜੋਂ ਕੀਤਾ ਗਿਆ ਹੈ।

Continues below advertisement


ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਸੂਬਾਈ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ‘ਆਪ’ ਸਰਕਾਰ ਦਾ ਟਰੱਕ ਯੂਨੀਅਨਾਂ ਭੰਗ ਕਰਨ ਦਾ ਫ਼ੈਸਲਾ ਲੱਖਾਂ ਲੋਕਾਂ ਦੇ ਰੁਜ਼ਗਾਰ ’ਤੇ ਲੱਤ ਮਾਰਨ ਸਮਾਨ ਹੈ ਕਿਉਂਕਿ ਇਸ ਕਿੱਤੇ ਨਾਲ ਕਈ ਪਰਿਵਾਰ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਯੂਨੀਅਨਾਂ ਭੰਗ ਹੋਣ ਮਗਰੋਂ ਪੰਜਾਬ ਅੰਦਰ ਤਕਰੀਬਨ ਵੀਹ ਹਜ਼ਾਰ ਟਰੱਕ ਕਬਾੜ ਵਿੱਚ ਵਿਕ ਚੁੱਕੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਯੂਨੀਅਨਾਂ ਦੀ ਬਹਾਲੀ ਤੱਕ ਧਰਨਾ ਜਾਰੀ ਰਹੇਗਾ।


ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ-ਦਿੱਲੀ ਕੌਮੀ ਸ਼ਾਹ ਮਾਰਗ ਉੱਤੇ ਸ਼ੰਭੂ ਬੈਰੀਅਰ ’ਤੇ ਟਰੱਕ ਅਪਰੇਟਰਾਂ ਵੱਲੋਂ ਯੂਨੀਅਨਾਂ ਬਹਾਲ ਕਰਾਉਣ ਤੇ ਠੇਕੇਦਾਰੀ ਪ੍ਰਣਾਲੀ ਦਾ ਖਾਤਮਾ ਕਰਕੇ ਟਰੱਕ ਟਰਾਂਸਪੋਰਟ ਦੇ ਕੰਮਾਂ ਦੇ ਟੈਂਡਰ ਸਿੱਧੇ ਤੌਰ ’ਤੇ ਯੂਨੀਅਨਾਂ ਨੂੰ ਦੇਣ ਸਮੇਤ ਹੋਰ ਮੰਗਾਂ ਲਈ ਸੜਕੀ ਆਵਾਜਾਈ ਠੱਪ ਕਰਕੇ ਦਿੱਤਾ ਜਾ ਰਿਹਾ ਸੂਬਾ ਪੱਧਰੀ ਰੋਸ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਹੈ। ਧਰਨੇ ਕਾਰਨ ਪੰਜਾਬ ਤੇ ਹਰਿਆਣਾ ਦੇ ਸਰਹੱਦੀ ਖੇਤਰਾਂ ਵਿੱਚ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਉਧਰ, ਰਾਜਪੁਰਾ ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਜਾਮ ਵਰਗੇ ਹਾਲਾਤ ਬਣੇ ਹੋਏ ਹਨ। ਭਾਵੇਂ ਪੁਲਿਸ ਵੱਲੋਂ ਟਰੈਫਿਕ ਦੇ ਬਦਲਵੇਂ ਪ੍ਰਬੰਧ ਕੀਤੇ ਹੋਏ ਹਨ ਪਰ ਦੇਸ਼ ਦੀ ਇਸ ਪ੍ਰਮੁੱਖ ਸੜਕ ’ਤੇ ਆਵਾਜਾਈ ਜ਼ਿਆਦਾ ਹੋਣ ਕਾਰਨ ਪੁਲਿਸ ਵੀ ਬੇਵੱਸ ਜਾਪਦੀ ਹੈ। ਬਹੁਤੇ ਵਾਹਨ ਚਾਲਕ ਇਸ ਖੇਤਰ ਦੀਆਂ ਸੜਕਾਂ ਤੋਂ ਅਣਜਾਣ ਹੋਣ ਕਾਰਨ ਆਪਣੀ ਮੰਜ਼ਿਲ ’ਤੇ ਪੁੱਜਣ ਲਈ ਪਿੰਡਾਂ ਦੀਆਂ ਲਿੰਕ ਸੜਕਾਂ ਉੱਤੇ ਖੱਜਲ-ਖੁਆਰ ਹੋ ਰਹੇ ਹਨ।


ਇਹ ਵੀ ਪੜ੍ਹੋ: Kim calls for expansion of nuclear: ਤੀਜੇ ਵਿਸ਼ਵ ਯੁੱਧ ਦਾ ਖਤਰਾ! ਕਿਮ ਜੋਂਗ ਵੱਲੋਂ ਪਰਮਾਣੂ ਹਥਿਆਰ ਤੇਜ਼ੀ ਹੋਰ ਨਾਲ ਵਧਾਉਣ ਦਾ ਐਲਾਨ


ਇਸ ਤੋਂ ਇਲਾਵਾ ਦਿੱਲੀ ਤੋਂ ਪੰਜਾਬ ਵੱਲ ਤੇ ਪੰਜਾਬ ਤੋਂ ਹਰਿਆਣਾ ਵੱਲ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਮੁਸਾਫ਼ਿਰਾਂ ਨੂੰ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਆਪਣੀ ਮੰਜ਼ਲ ’ਤੇ ਪੁੱਜਣ ਲਈ ਅੰਬਾਲਾ ਅਤੇ ਰਾਜਪੁਰਾ ਤੋਂ ਬੱਸ ਦੀ ਸਵਾਰੀ ਛੱਡ ਕੇ ਦੋਵੇਂ ਸ਼ਹਿਰਾਂ ਤੋਂ ਆਟੋ ਰਿਕਸ਼ਾ ਜਾਂ ਹੋਰ ਵਾਹਨਾਂ ਰਾਹੀਂ ਸ਼ੰਭੂ ਬੈਰੀਅਰ ’ਤੇ ਪੁੱਜਦੇ ਹਨ। ਉੱਥੋਂ ਪੈਦਲ ਹੀ ਆਪਣਾ ਸੂਟਕੇਸ, ਬੈਗ ਜਾਂ ਹੋਰ ਸਾਮਾਨ ਸਿਰਾਂ ’ਤੇ ਚੁੱਕ ਕੇ ਸ਼ੰਭੂ ਬੈਰੀਅਰ ਪਾਰ ਕਰਕੇ ਦੂਜੇ ਪਾਸੇ ਜਾਣ ਲਈ ਹੋਰ ਵਾਹਨਾਂ ਦਾ ਸਹਾਰਾ ਲੈਂਦੇ ਹਨ।