Patiala News : ਮਾਂ ਬੋਲੀ ਪੰਜਾਬੀ ਦਾ ਸਤਿਕਾਰ ਬਹਾਲ ਕਰਨ ਲਈ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਆਈਪੀਐਸ ਵੱਲੋਂ ਅਹਿਮ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਆਪਣੀ ਵਰਦੀ ਉੱਪਰ ਪੰਜਾਬੀ ਭਾਸ਼ਾ ’ਚ ਨੇਮ ਪਲੇਟ ਲਾਈ ਹੈ। ਸੀਨੀਅਰ ਆਈਪੀਐਸ ਅਫਸਰ ਦੇ ਇਸ ਕਦਮ ਨਾਲ ਹੇਠਲੇ ਅਫਸਰਾਂ ਵਿੱਚ ਵੀ ਮਾਂ ਬੋਲੀ ਪੰਜਾਬੀ ਪ੍ਰਤੀ ਚੰਗਾ ਸੰਦੇਸ਼ ਜਾਏਗਾ। ਇਸ ਦੀ ਮਿਸਾਲ ਉਦੋਂ ਵੇਖਣ ਨੂੰ ਮਿਲੀ ਜਦੋਂ ਉਨ੍ਹਾਂ ਦੇ ਰੀਡਰ ਅਵਤਾਰ ਸਿੰਘ ਪੰਜੋਲਾ ਨੇ ਵੀ ਆਪਣੀ ਵਰਦੀ ’ਤੇ ਨੇਮ ਪਲੇਟ ਪੰਜਾਬੀ ’ਚ ਲਾ ਲਈ।


ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਸਰਕਾਰੀ ਦਫ਼ਤਰਾਂ ਵਿਚਲਾ ਕੰਮਕਾਜ ਤੇ ਸੂਚਨਾ ਬੋਰਡ ਆਦਿ ਪੰਜਾਬੀ ਭਾਸ਼ਾ ’ਚ ਯਕੀਨੀ ਬਣਾਉਣ ਦੇ ਜਾਰੀ ਕੀਤੇ ਗਏ ਆਦੇਸ਼ਾਂ ਦੇ ਚੱਲਦਿਆਂ, ਅਜਿਹੀ ਮੁਹਿੰਮ ਦਾ ਹਿੱਸਾ ਬਣਨ ’ਚ ਪਟਿਆਲਾ ਪੁਲਿਸ ਨੇ ਵੀ ਪਹਿਲਕਦਮੀ ਕੀਤੀ ਹੈ। ਇਸ ਦਾ ਆਗਾਜ਼ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਆਈਪੀਐਸ ਵੱਲੋਂ ਖੁਦ ਪੰਜਾਬੀ ਭਾਸ਼ਾ ’ਚ ਨੇਮ ਪਲੇਟ ਲਾ ਕੇ ਕੀਤਾ ਗਿਆ ਹੈ।



ਇਸ ਤੋਂ ਇਲਾਵਾ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਦੇ ਬਾਹਰ ਲੱਗੀ ਨੇਮ ਪਲੇਟ ਵੀ ਪੰਜਾਬੀ ’ਚ ਕਰ ਦਿੱਤੀ ਗਈ ਹੈ। ਆਪਣੇ ਬੌਸ ਵੱਲੋਂ ਆਰੰਭੀ ਗਈ ਇਸ ਮੁਹਿੰਮ ਦੇ ਚੱਲਦਿਆਂ ਜ਼ਿਲ੍ਹੇ ਦੇ ਬਾਕੀ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਵੀ ਆਪਣੀਆਂ ਨੇਮ ਪਲੇਟਾਂ ਨੂੰ ਅੰਗਰੇਜ਼ੀ ਤੋਂ ਪੰਜਾਬੀ ’ਚ ਲਿਖਵਾਇਆ ਜਾਣ ਲੱਗਾ ਹੈ।


ਇਹ ਵੀ ਪੜ੍ਹੋ : ਪੰਜਾਬੀ ਗਾਇਕ ਦਲੇਰ ਮਹਿੰਦੀ ਦਾ ਗੁਰੂਗ੍ਰਾਮ ਸਥਿਤ ਫਾਰਮ ਹਾਊਸ ਸੀਲ, ਨਾਜਾਇਜ਼ ਉਸਾਰੀ ਦੇ ਆਰੋਪ

ਜ਼ਿਲ੍ਹੇ ਭਰ ਵਿਚਲੇ ਦੋ ਦਰਜਨ ਤੋਂ ਵੱਧ ਸਮੂਹ ਥਾਣਿਆਂ ਤੇ ਸਾਰੀਆਂ ਹੀ ਪੁਲੀਸ ਚੌਕੀਆਂ ਦੇ ਬਾਹਰ ਵੀ ਨਾਮ ਪੰਜਾਬੀ ’ਚ ਲਿਖਵਾਏ ਜਾਣਗੇ। ਪੁਲਿਸ ਵਿਭਾਗ ਦੇ ਦਫ਼ਤਰਾਂ ਤੇ ਥਾਣਿਆਂ ’ਚ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਅੰਗਰੇਜ਼ੀ ’ਚ ਲੱਗੇ ਸੂਚਨਾ ਬੋਰਡ ਵੀ ਹੁਣ ਪੰਜਾਬੀ ’ਚ ਪੜ੍ਹਨ ਨੂੰ ਮਿਲਣਗੇ। ਡੀਐਸਪੀ ਹੈਡਕੁਆਟਰ ਹਰਦੀਪ ਸਿੰਘ ਬਡੂੰਗਰ ਦਾ ਕਹਿਣਾ ਸੀ ਕਿ ਭਾਵੇਂ ਅੰਗਰੇਜ਼ੀ ’ਚ ਵੀ ਅਜਿਹੀ ਜਾਣਕਾਰੀ ਛਪਵਾਈ ਜਾਵੇਗੀ ਪਰ ਤਰਜੀਹੀ ਤੌਰ ’ਤੇ ਅਜਿਹੀਆਂ ਸੂਚਨਾਵਾਂ ਪੰਜਾਬੀ ਭਾਸ਼ਾ ਵਿੱਚ ਛਾਪੀਆਂ ਜਾਣਗੀਆਂ।

ਐਸਐਸਪੀ ਵਰੁਣ ਸ਼ਰਮਾ ਦਾ ਕਹਿਣਾ ਸੀ ਕਿ ਜ਼ਿਲ੍ਹਾ ਪੁਲਿਸ ਵੱਲੋਂ ਅਜਿਹਾ ਫੈਸਲਾ ਮੁੱਖ ਮੰਤਰੀ ਤੇ ਡੀਜੀਪੀ ਵੱਲੋਂ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਹੋਰ ਵਧੇਰੇ ਪ੍ਰਫੁੱਲਤ ਕਰਨ ਦੇ ਲਏ ਗਏ ਫੈਸਲੇ ਤਹਿਤ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਾਵੇਂ ਜ਼ਿਲ੍ਹਾ ਪੁਲਿਸ ਵੱਲੋਂ ਪਹਿਲਾਂ ਹੀ ਬਹੁਤਾ ਕੰਮ ਪੰਜਾਬੀ ਭਾਸ਼ਾ ’ਚ ਕੀਤਾ ਜਾ ਰਿਹਾ ਹੈ, ਪਰ ਹੁਣ ਇਸ ਦਾ ਹੋਰ ਵਧੇਰੇ ਪਸਾਰਾ ਕੀਤਾ ਜਾ ਰਿਹਾ ਹੈ।