Patiala News: ਪੰਜਾਬ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਿੰਡ ਦਾ ਸਰਪੰਚ ਗੈਂਗ ਬਣਾ ਕੇ ਲੁੱਟਾਂ-ਖੋਹਾਂ ਕਰਦਾ ਸੀ। ਇਸ ਗਰੋਹ ਦਾ ਮੁਖੀ ਅਮਨਦੀਪ ਸਿੰਘ ਸਰਪੰਚ (35) ਵਾਸੀ ਪਿੰਡ ਹਾਫੀਜ਼ਾਬਾਦ ਸੀ। ਉਸ ਨਾਲ ਦਿਲਪ੍ਰੀਤ ਸਿੰਘ ਭਾਨਾ ਤੇ ਪ੍ਰਭਦਿਆਲ ਸਿੰਘ ਨਿੱਕੂ ਵਾਸੀ ਬਾਲਸੰਡਾ ਤੇ ਨਰਿੰਦਰ ਸਿੰਘ ਵਾਸੀ ਬਲਰਾਮਪੁਰ ਵੀ ਰਲੇ ਹੋਏ ਸਨ। ਗਰੋਹ ਦਾ ਸਰਗਰਨਾ ਅਮਨਦੀਪ ਸਿੰਘ ਪਿੰਡ ਦਾ ਮੌਜੂਦਾ ਸਰਪੰਚ ਹੈ ਤੇ ਕਾਂਗਰਸ ਨਾਲ਼ ਸਬੰਧਤ ਹੈ। ਇੰਨਾ ਹੀ ਨਹੀਂ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੀ ਨੇੜੇ ਰਿਹਾ ਹੈ।


ਇਹ ਭੇਤ ਉਦੋਂ ਖੁੱਲ੍ਹਾ ਜਦੋਂ ਪਟਿਆਲਾ ਨੇੜੇ ਘਨੌਰ ਦੇ ਯੂਕੋ ਬੈਂਕ ਵਿੱਚ ਬੀਤੇ ਦਿਨ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਕੀਤੀ ਗਈ ਡਕੈਤੀ ਦੇ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਲੁੱਟੀ ਗਈ 17.85 ਲੱਖ ਦੀ ਨਕਦੀ ਸਣੇ ਵਾਰਦਾਤ ਲਈ ਵਰਤੀ ਰਾਈਫਲ ਤੇ ਕਾਰ ਵੀ ਬਰਾਮਦ ਕਰ ਲਈ ਹੈ।


ਇਸ ਬਾਰੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਚਾਰੇ ਮੁਲਜ਼ਮ ਜ਼ਿਲ੍ਹਾ ਰੂਪਨਗਰ ਦੇ ਥਾਣਾ ਚਮਕੌਰ ਸਾਹਿਬ ਅਧੀਨ ਪੈਂਦੇ ਪਿੰਡਾਂ ਨਾਲ ਸਬੰਧਤ ਹਨ। ਇਸ ਗਰੋਹ ਦਾ ਮੁਖੀ ਅਮਨਦੀਪ ਸਿੰਘ ਸਰਪੰਚ (35) ਵਾਸੀ ਪਿੰਡ ਹਾਫੀਜ਼ਾਬਾਦ ਹੈ, ਜਿਸ ਨਾਲ ਦਿਲਪ੍ਰੀਤ ਸਿੰਘ ਭਾਨਾ ਤੇ ਪ੍ਰਭਦਿਆਲ ਸਿੰਘ ਨਿੱਕੂ ਵਾਸੀ ਬਾਲਸੰਡਾ ਤੇ ਨਰਿੰਦਰ ਸਿੰਘ ਵਾਸੀ ਬਲਰਾਮਪੁਰ ਵੀ ਰਲੇ ਹੋਏ ਹਨ।


ਇਨ੍ਹਾਂ ਵਿੱਚੋਂ ਤਿੰਨ ਮੁਲਜ਼ਮ ਘਨੌਰ ਸਥਿਤ ਯੂਕੋ ਬੈਂਕ ’ਚ ਡਕੈਤੀ ਕਰਨ ਮਗਰੋਂ ਬੈਂਕ ’ਚ ਹੀ ਮੌਜੂਦ ਨਰੇਸ਼ ਕੁਮਾਰ ਨਾਮ ਦੇ ਖਾਤਾਧਾਰਕ ਦਾ ਬੁਲੇਟ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਸਨ। ਬੈਂਕ ਮੈਨੇਜਰ ਅਮਿਤ ਥੰਮਨ ਵੱਲੋਂ ਦਿੱਤੀ ਗਈ ਸੂਚਨਾ ਮਗਰੋਂ ਐਸਐਸਪੀ ਵਰੁਣ ਸ਼ਰਮਾ ਨੇ ਹਰਿਆਣਾ ਨਾਲ ਲੱਗਦੀਆਂ ਜ਼ਿਲ੍ਹੇ ਦੀਆਂ ਸਾਰੀਆਂ ਹੱਦਾਂ ਸੀਲ ਕਰਨ ਦੇ ਹੁਕਮ ਦਿੱਤੇ ਸਨ। ਇਸ ਮਗਰੋਂ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਕੀਤੀ ਗਈ ਜਾਂਚ ਮਗਰੋਂ ਪੈੜ ਨੱਪਦਿਆਂ ਪੁਲਿਸ ਨੇ ਦਿਲਪ੍ਰੀਤ ਸਿੰਘ ਦੇ ਖੇਤਾਂ ਵਿੱਚੋਂ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ।


ਹਾਸਲ ਜਾਣਕਾਰੀ ਅਨੁਸਾਰ ਅਮਨਦੀਪ ਸਰਪੰਚ ਖ਼ਿਲਾਫ਼ ਡਕੈਤੀ ਦੇ ਤਿੰਨ ਕੇਸਾਂ ਸਣੇ ਸੱਤ ਕੇਸ ਪਹਿਲਾਂ ਹੀ ਦਰਜ ਹਨ। ਦਿਲਪ੍ਰੀਤ ਖ਼ਿਲਾਫ਼ ਡਕੈਤੀ ਦੇ ਦੋ ਕੇਸਾਂ ਸਮੇਤ ਚਾਰ ਕੇਸ ਦਰਜ ਹਨ। ਇਸ ਗਰੋਹ ਨੇ ਬੀਤੀ 10 ਨਵੰਬਰ ਨੂੰ ਹੀ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਸੰਘੋਲ ਦੀ ਐਸਬੀਆਈ ਬਰਾਂਚ ਵਿੱਚੋਂ ਪੰਜ ਲੱਖ ਰੁਪਏ ਤੇ 18 ਨਵੰਬਰ ਨੂੰ ਰੋਪੜ ਦੇ ਪਿੰਡ ਦੁੰਮਣਾ ਦੇ ਡਾਕਖਾਨੇ ’ਚੋਂ 25 ਹਜ਼ਾਰ ਰੁਪਏ ਲੁੱਟੇ ਸਨ।


ਇਹ ਵੀ ਪੜ੍ਹੋ: Ludhiana News: ਲੁਧਿਆਣਾ ਵਾਸੀਆਂ ਲਈ ਖੁਸ਼ਖਬਰੀ! ਭਗਵੰਤ ਮਾਨ ਸਰਕਾਰ ਜਲਦ ਦੇਵੇਗੀ ਵੱਡੀ ਸੌਗਾਤ


ਸੂਤਰਾਂ ਅਨੁਸਾਰ ਲੁਟੇਰਿਆਂ ਵੱਲੋਂ ਬੁਲੇਟ ਮੋਟਰਸਾਈਕਲ ਛੱਡਣ ਮਗਰੋਂ ਭੱਜਣ ਲਈ ਵਰਤੀ ਕਾਰ ਹੀ ਪੁਲੀਸ ਲਈ ਉਨ੍ਹਾਂ ਤੱਕ ਪਹੁੰਚਣ ਦਾ ਜ਼ਰੀਆ ਬਣੀ ਹੈ। ਇਸ ਕਾਰ ਦਾ ਪਤਾ ਲੱਗਣ ਮਗਰੋਂ ਪੁਲਿਸ ਨੇ ਜਦੋਂ ਪੜਤਾਲ ਕੀਤੀ ਤਾਂ ਕਾਰ ਉਕਤ ਮੁਲਜ਼ਮਾਂ ਵਿੱਚੋਂ ਇੱਕ ਦੇ ਪਿਤਾ ਦੇ ਨਾਂ ’ਤੇ ਰਜਿਸਟਰਡ ਸੀ। ਇਸ ਮਗਰੋਂ ਪੁਲਿਸ ਨੇ ਪ੍ਰਾਪਤ ਹੋਈ ਜਾਣਕਾਰੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪੈੜ ਨੱਪੀ ਤੇ ਉਨ੍ਹਾਂ ਨੂੰ ਕਾਬੂ ਕਰ ਲਿਆ।