Ludhiana News: ਲੁਧਿਆਣਾ ਵਾਸੀਆਂ ਲਈ ਖੁਸ਼ਖਬਰੀ ਹੈ। ਭਗਵੰਤ ਮਾਨ ਸਰਕਾਰ ਜਲਦ ਹੀ ਜ਼ਿਲ੍ਹਾ ਲੁਧਿਆਣਾ ਨੂੰ ਵੱਡੀ ਸੌਗਾਤ ਦੇਣ ਜਾ ਰਹੀ ਹੈ। ਸਰਕਾਰੀ ਸੂਤਰਾਂ ਮੁਤਾਬਕ ਜ਼ਿਲ੍ਹਾ ਲੁਧਿਆਣਾ ਵਿੱਚ ਜਲਦ ਹੀ 65 ਹੋਰ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾਣਗੇ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 65 ਪ੍ਰਾਇਮਰੀ ਹੈਲਥ ਕੇਅਰ ਸੈਂਟਰ ਤੇ ਅਰਬਨ ਡਿਸਪੈਂਸਰੀਆਂ ਨੂੰ ਆਮ ਆਦਮੀ ਕਲੀਨਿਕ ’ਚ ਬਦਲਿਆ ਜਾਵੇਗਾ।
ਸਰਕਾਰੀ ਸੂਤਰਾਂ ਮੁਤਾਬਕ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਤੇ ਅਰਬਨ ਡਿਸਪੈਂਸਰੀਆਂ ਨੂੰ ਆਮ ਆਦਮੀ ਕਲੀਨਿਕ ’ਚ ਬਦਲਣ ਲਈ ਕਿਹੜਾ ਵਿਭਾਗ ਕੰਮ ਕਰੇਗਾ, ਉਸ ਦੇ ਨਾਮ ਵੀ ਤੈਅ ਕਰ ਦਿੱਤੇ ਗਏ ਹਨ। ਹਰ ਕਲੀਨਿਕ ’ਤੇ ਕਰੀਬ 25 ਲੱਖ ਰੁਪਏ ਖਰਚਾ ਆਉਣ ਦਾ ਅਨੁਮਾਨ ਹੈ। ਇਸ ਕੰਮ ਨੂੰ ਪੂਰਾ ਕਰਨ ਲਈ 26 ਜਨਵਰੀ ਤੱਕ ਟੀਚਾ ਰੱਖਿਆ ਗਿਆ ਹੈ।
ਦੱਸ ਦਈਏ ਕਿ ਪਿਛਲੀ 15 ਅਗਸਤ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਸੀ। ਫਿਲਹਾਲ ਜ਼ਿਲ੍ਹਾ ਲੁਧਿਆਣਾ ’ਚ 9 ਮੁਹੱਲਾ ਕਲੀਨਿਕ ਕੰਮ ਕਰ ਰਹੇ ਹਨ। ਉਧਰ, ਸਰਕਾਰ ਨੇ ਫੈਸਲਾ ਲਿਆ ਸੀ ਕਿ ਇਨ੍ਹਾਂ ਯੋਜਨਾਵਾਂ ਦਾ ਅੱਗੇ ਵਿਸਥਾਰ ਕੀਤਾ ਜਾਵੇਗਾ। ਸ਼ਹਿਰੀ ਇਲਾਕੇ ’ਚ ਚੱਲ ਰਹੀ ਅਰਬਨ ਡਿਸਪੈਂਸਰੀ ਤੇ ਪੇਂਡੂ ਇਲਾਕਿਆਂ ’ਚ ਚੱਲ ਰਹੇ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਦਾ ਕਾਇਆ ਕਲਪ ਕਰ ਮੁਹੱਲਾ ਕਲੀਨਿਕ ’ਚ ਬਦਲਿਆ ਜਾਵੇਗਾ।
ਸਨਅਤੀ ਸ਼ਹਿਰ ਦੇ ਏਡੀਸੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਬਣਾਉਣ ਲਈ 65 ਸਾਈਟਾਂ ਦੀ ਚੋਣ ਕੀਤੀ ਗਈ ਹੈ, ਇਸ ’ਚ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਤੇ ਅਰਬਨ ਡਿਸਪੈਂਸਰੀਆਂ ਸ਼ਾਮਲ ਹਨ। ਇੱਕ ਕਲੀਨਿਕ ’ਤੇ 25 ਲੱਖ ਰੁਪਏ ਖਰਚ ਕਰਨ ਦੀ ਸੀਮਾ ਮਿੱਥੀ ਗਈ ਹੈ।
ਉਨ੍ਹਾਂ ਕਿਹਾ ਕਿ ਕੰਮ ’ਤੇ ਨਿਗਰਾਨੀ ਰੱਖਣ ਲਈ ਵੱਖ-ਵੱਖ ਵਿਭਾਗਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਖਰਚ ਕੀਤਾ ਜਾਵੇਗਾ। ਦਸੰਬਰ ਮਹੀਨੇ ਦੇ ਅੰਤ ਤੱਕ ਜਾਂ ਫਿਰ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।