Patiala News: ਪੰਜਾਬ ਦੀ ਸਿਆਸਤ ਵਿੱਚ ਅਜੇ ਵੀ ਸ਼ਾਹੀ ਹਲਕੇ ਪਟਿਆਲਾ ਦੀ ਬੱਲੇ-ਬੱਲੇ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਪਟਿਆਲਾ ਦੇ ਲੀਡਰਾਂ ਦੀ ਚੜ੍ਹਤ ਹੈ। ਇਸ ਗੱਲ ਦਾ ਅੰਦਾਜਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਪਟਿਆਲਾ ਦੇ ਪੰਜ ਲੀਡਰ ਅਹਿਮ ਅਹੁਦਿਆਂ ਉੱਪਰ ਕਾਬਜ਼ ਹਨ। ਇਨ੍ਹਾਂ ਵਿੱਚੋਂ ਦੋ ਮੰਤਰੀ ਤੇ ਦੋ ਚੇਅਰਮੈਨ ਹਨ।


ਦੱਸ ਦਈਏ ਕਿ ਪਟਿਆਲਾ ਦਿਹਾਤੀ ਹਲਕੇ ਦੇ ਆਪ ਵਿਧਾਇਕ ਡਾ. ਬਲਬੀਰ ਸਿੰਘ ਤੇ ਸਮਾਣਾ ਦੇ ਵਿਧਾਇਕ ਵਜੋਂ ਚੇਤਨ ਸਿੰਘ ਜੌੜਾਮਾਜਰਾ ਮੰਤਰੀ ਹਨ। ਪਟਿਆਲਾ ਸ਼ਹਿਰ ਦੇ ਵਸਨੀਕ ਬਲਤੇਜ ਪੰਨੂ ਕੈਬਨਿਟ ਰੈਂਕ ਤਹਿਤ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਵਜੋਂ ਕਾਰਜਸ਼ੀਲ ਹਨ। ਹੁਣ ਪੰਜਾਬ ਸਰਕਾਰ ਨੇ ਹਰਚੰਦ ਸਿੰਘ ਬਰੱਸਟ ਨੂੰ ‘ਪੰਜਾਬ ਮੰਡੀਕਰਨ ਬੋਰਡ ਪੰਜਾਬ’ ਦਾ ਚੇਅਰਮੈਨ ਤੇ ਨੌਜਵਾਨ ਆਗੂ ਰਣਜੋਧ ਸਿੰਘ ਹੜਾਣਾ ਨੂੰ ਪੀਆਰਟੀਸੀ ਦੇ ਚੇਅਰਮੈਨ ਬਣਾਇਆ ਗਿਆ ਹੈ।


ਦਰਅਸਲ ਪਟਿਆਲਾ ਜ਼ਿਲ੍ਹੇ ਨੂੰ ਪੰਜਾਬ ਸਰਕਾਰ ਵਿੱਚ ਦੋ ਹੋਰ ਅਹਿਮ ਨੁਮਾਇੰਦਗੀਆਂ ਮਿਲੀਆਂ ਹਨ, ਜਿਸ ਨਾਲ ਪਟਿਆਲਾ ਜ਼ਿਲ੍ਹੇ ਵਿੱਚੋਂ ਨੁਮਾਇੰਦਗੀ ਹਾਸਲ ਕਰਨ ਵਾਲਿਆਂ ਦੀ ਗਿਣਤੀ ਪੰਜ ਹੋਈ ਹੈ। ਅਜਿਹੀਆਂ ਤਾਜ਼ਾ ਨੁਮਾਇੰਦਗੀਆਂ ਹਾਸਲ ਕਰਨ ਵਾਲਿਆਂ ਵਿੱਚ ਹਰਚੰਦ ਸਿੰਘ ਬਰੱਸਟ ਤੇ ਨੌਜਵਾਨ ਆਗੂ ਰਣਜੋਧ ਸਿੰਘ ਹੜਾਣਾ ਦੇ ਨਾਮ ਸ਼ਾਮਲ ਹਨ। ਇਹ ਦੋਵੇਂ ਹੀ ਇਸ ਵੇਲੇ ਪਟਿਆਲਾ ਸ਼ਹਿਰ ਦੇ ਵਸਨੀਕ ਹਨ।


ਹਰਚੰਦ ਸਿੰਘ ਬਰੱਸਟ ਨੂੰ ‘ਪੰਜਾਬ ਮੰਡੀਕਰਨ ਬੋਰਡ ਪੰਜਾਬ’ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜੋ ਅਤਿ-ਮਹੱਤਵਪੂਰਨ ਚੇਅਰਮੈਨੀ ਮੰਨੀ ਜਾਂਦੀ ਹੈ। ਪਿਛਲੀ ਵਾਰ ਛੇ ਵਾਰ ਵਿਧਾਇਕ ਤੇ ਡੇਢ ਦਰਜਨ ਵਿਭਾਗਾਂ ਦੇ ਵਜ਼ੀਰ ਰਹਿ ਚੁੱਕੇ ਟਕਸਾਲੀ ਕਾਂਗਰਸੀ ਆਗੂ ਲਾਲ ਸਿੰਘ ਮੰਡੀ ਬੋਰਡ ਦੇ ਚੇਅਰਮੈਨ ਸਨ। 



ਹਰਚੰਦ ਬਰਸੱਟ ਜਿੱਥੇ ਮੁਲਾਜ਼ਮ ਲਹਿਰਾਂ ’ਚ ਸਰਗਰਮ ਰਹੇ ਹਨ, ਉੱਥੇ ਹੀ ਉਹ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਵੀ ਰਹੇ ਹਨ ਪਰ ਫੇਰ ਉਹ ‘ਆਪ’ ਨਾਲ ਜੁੜ ਗਏ। ਉਹ ਸਮਾਣਾ ਹਲਕੇ ਤੋਂ ‘ਆਪ’ ਦੀ ਟਿਕਟ ਦੇ ਦਾਅਵੇਦਾਰ ਸਨ ਪਰ ਵਾਂਝੇ ਰਹਿ ਗਏ ਸਨ, ਜਿਸ ਤਹਿਤ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਹ ਅਹਿਮ ਚੇਅਰਮੈਨੀ ਦੇ ਕੇ ਨਿਵਾਜਿਆ ਹੈ।



ਇਸੇ ਤਰ੍ਹਾਂ ਪੀਆਰਟੀਸੀ ਦੇ ਚੇਅਰਮੈਨ ਬਣਾਏ ਗਏ ਰਣਜੋਧ ਸਿੰਘ ਹੜਾਣਾ ‘ਆਪ’ ਦੇ ਬੀਸੀ ਵਿੰਗ ਦੇ ਸੂਬਾਈ ਪ੍ਰਧਾਨ ਹਨ, ਜਿਨ੍ਹਾਂ ਨੂੰ ਇਹ ਅਹਿਮ ਚੇਅਰਮੈਨੀ ਦੇ ਕੇ ਨਿਵਾਜਿਆ ਗਿਆ ਹੈ। ਉਹ ਹਲਕਾ ਸਨੌਰ ਤੋਂ ‘ਆਪ’ ਦੀ ਟਿਕਟ ਦੇ ਦਾਅਵੇਦਾਰ ਰਹੇ ਹਨ।