Patiala News: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਅਗਵਾਈ ’ਚ ਅੱਜ ਤਿੰਨ ਮੈਂਬਰੀ ਉੱਚ ਪੱਧਰੀ ਵਫ਼ਦ ਨੇ ਕੇਂਦਰੀ ਜੇਲ੍ਹ ਪਟਿਆਲਾ ’ਚ ਭੁੱਖ ਹੜਤਾਲ ’ਤੇ ਬੈਠੇ ਫਾਂਸੀ ਦੀ ਸਜ਼ਾਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ।  ਵਫ਼ਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਸੁਲਤਾਨ ਸਿੰਘ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼ਾਮਲ ਸਨ। 


ਇਸ ਮੁਲਾਕਾਤ ਦੌਰਾਨ ਸਿੰਘ ਸਾਹਿਬਾਨ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲਿਆਂਦਾ ਕੜਾਹ ਪ੍ਰਸਾਦ ਅਤੇ ਅੰਮ੍ਰਿਤ ਸਰੋਵਰ ਦਾ ਪਵਿੱਤਰ ਜਲ ਛਕਾ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਤੁੜਵਾਈ। ਇਸ ਦੌਰਾਨ ਭਾਈ ਰਾਜੋਆਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ ਸੀਸ ਨਿਵਾ ਕੇ ਖਿੜੇ ਮੱਥੇ ਪ੍ਰਵਾਨ ਕਰਦਿਆਂ ਕਿਹਾ ਕਿ ਉਹ ਹਮੇਸਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਹਨ ਅਤੇ ਰਹਿਣਗੇ। ਭਾਈ ਰਾਜੋਆਣਾ ਨੇ ਇਹ ਵੀ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਖਾਲਸਾ ਪੰਥ ਦੀ ਏਕਤਾ ਤੇ ਚੜ੍ਹਦੀਕਲਾ ਹੋਵੇ।


ਭਾਈ ਰਾਜੋਆਣਾ ਦੇ ਨਾਲ ਮੁਲਾਕਾਤ ਤੋਂ ਬਾਅਦ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਈ ਰਾਜੋਆਣਾ ਦੇ ਮਾਮਲੇ ਵਿਚ ਜਿਥੇ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਫਿੱਟਕਾਰ ਲਗਾਉਂਦਿਆਂ ਇਸ ਪਟੀਸ਼ਨ ’ਤੇ ਫੈਸਲਾ ਲੈਣ ਬਾਰੇ ਆਖਿਆ ਗਿਆ ਹੈ, ਉਥੇ ਹੀ ਕੇਂਦਰ ਸਰਕਾਰ ਵੱਲੋਂ ਸਿੱਖਾਂ ਪ੍ਰਤੀ ਵਰਤੀ ਜਾ ਰਹੀ ਬੇਰੁਖ਼ੀ ਕਾਰਨ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਖ ਹੜਤਾਲ ਕਰਨ ਲਈ ਮਜਬੂਰ ਕੀਤਾ ਗਿਆ। 


ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਏ ਆਦੇਸ਼ਾਂ ’ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਮੇ ਸਮੇਂ ਤੋਂ ਕਾਨੂੰਨੀ ਤੌਰ ’ਤੇ ਅਦਾਲਤਾਂ ਵਿਚ ਭਾਈ ਰਾਜੋਆਣਾ ਦੀ ਫਾਂਸੀ ਦੀ ਸਜਾ ਨੂੰ ਰੱਦ ਕਰਵਾਉਣ ਲਈ ਚਾਰਾਜੋਈ ਕਰ ਰਹੀ ਹੈ, ਪ੍ਰੰਤੂ ਕੇਂਦਰ ਸਰਕਾਰ ਦਾ ਅੜੀੜਲ ਰਵੱਈਏ ਕਾਰਨ ਅਜਿਹੀਆਂ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਕਿ ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਾਯੂਸ ਹੋ ਕਿ ਇਹ ਗੱਲ ਆਖਣੀ ਪਈ ਕਿ ਜੇ ਕੇਂਦਰ ਸਰਕਾਰ ਨੇ ਇਨਸਾਫ ਹੀ ਨਹੀਂ ਦੇਣਾ ਤਾਂ ਉਸ ਪਟੀਸ਼ਨ ਨੂੰ ਵਾਪਸ ਲੈ ਲਿਆ ਜਾਵੇ।


ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਾਂਪੱਖੀ ਰਵੱਈਏ ਦੇ ਚੱਲਦਿਆਂ ਹੁਣ ਫੈਸਲਾ ਕੀਤਾ ਗਿਆ ਕਿ ਸਿੱਖਾਂ ਪ੍ਰਤੀ ਕੇਂਦਰ ਸਰਕਾਰ ਦੇ ਲੁਕਵੇਂ ਏਜੰਡਿਆਂ ਨੂੰ ਖਾਲਸਾ ਪੰਥ ਬੇਪਰਦ ਕਰਕੇ ਰਹੇਗਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਸਬਰ ਦਾ ਪਿਆਲਾ ਭਰ ਚੁੱਕਿਆ ਹੈ ਅਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਏ ਆਦੇਸ਼ਾਂ ’ਤੇ ਅਜਿਹੀ ਕਮੇਟੀ ਗਠਿਤ ਕੀਤੀ ਗਈ, ਜੋ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਸ ਮਸਲੇ ਨੂੰ ਕਿਸੇ ਪਾਸੇ ਲਾਉਣ ਲਈ ਯਤਨਸ਼ੀਲ ਹੋਵੇਗੀ। 


ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੇਂਦਰ ਸਰਕਾਰ ਨੂੰ 31 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਸਲੇ ’ਤੇ ਪਾਈ ਪਟੀਸ਼ਨ ’ਤੇ ਕੋਈ ਫੈਸਲਾ ਲਵੇ, ਜੇ ਫੇਰ ਵੀ ਸਰਕਾਰ ਟੱਸ ਤੋਂ ਮੱਸ ਨਾ ਹੋਈ ਤਾਂ ਖਾਲਸਾ ਪੰਥ ਜਵਾਬ ਜ਼ਰੂਰ ਲਵੇਗਾ। ਉਨ੍ਹਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 20 ਦਸੰਬਰ ਨੂੰ ਸਿੱਖ ਸੰਪਰਦਾਵਾਂ, ਧਾਰਮਕ ਜਥੇਬੰਦੀਆਂ, ਨਿਹੰਗ ਜਥੇਬੰਦੀਆਂ ਦਿੱਲੀ ਪੁੱਜਣਗੀਆਂ ਅਤੇ ਬੰਦੀ ਸਿੱਖਾਂ ਦੀ ਰਿਹਾਈ ਲਈ ਭਰਵਾਏ ਗਏ ਪ੍ਰੋਫਾਰਮੇ ਭਾਰਤ ਦੇ ਰਾਸ਼ਟਰਪਤੀ ਤੱਕ ਪਹੁੰਚਾਏ ਜਾਣਗੇ ਤਾਂ ਕਿ ਜੇਲ੍ਹਾਂ ਵਿਚ ਨਜ਼ਰਬੰਦੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਨੂੰ ਰਿਹਾਈ ਮਿਲ ਸਕੇ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸਿੱਖ ਕੌਮ ਦੀ ਅਮਾਨਤ ਹਨ ਅਤੇ ਸਰਕਾਰਾਂ ਦੇ ਖਿਲਾਫ਼ ਉਨ੍ਹਾਂ ਦੇ ਹਿੱਸੇ ਦੀ ਲੜਾਈ ਸਮੁੱਚਾ ਪੰਥ ਇਕਜੁੱਟ ਹੋ ਕੇ ਲੜੇਗਾ।