Patiala News: ਪਟਿਆਲਾ ਸ਼ਹਿਰ ਵਿੱਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਟ੍ਰੈਫਿਕ ਦੀ ਸਮੱਸਿਆ ਗੰਭੀਰ ਹੋ ਗਈ ਹੈ। ਇਸ ਦੇ ਹੱਲ ਲਈ ਟ੍ਰੈਫਿਕ ਪੁਲਿਸ ਨੇ ਖਾਸ ਉਪਰਾਲਾ ਕੀਤਾ ਹੈ। ਟ੍ਰੈਫਿਕ ਪੁਲਿਸ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਜ਼ਾਰਾਂ ਨੂੰ ਕਬਜ਼ੇ ਤੋਂ ਮੁਕਤ ਕਰਵਾ ਕੇ ਟ੍ਰੈਫਿਕ ਵਿਵਸਥਾ ਨੂੰ ਵਧੀਆ ਬਣਾਉਣ ਲਈ ਨਗਰ ਨਿਗਮ ਤੇ ਵਪਾਰ ਮੰਡਲ ਨਾਲ ਮਿਲ ਤੇ ਸਾਂਝੇ ਤੌਰ ’ਤੇ ਟਰੈਫਿਕ ਸੁਧਾਰ ਲਈ ਇੱਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਕੰਮ ਕਰਨ ’ਤੇ ਸਹਿਮਤੀ ਬਣਾਈ ਹੈ। 


ਹੁਣ ਤਿੰਨੇ ਵਿੰਗ ਇਹ ਯਕੀਨੀ ਬਣਾਉਣਗੇ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਰੀਦਦਾਰੀ ਲਈ ਆਉਣ ਵਾਲੇ ਲੋਕਾਂ ਨੂੰ ਟ੍ਰੈਫਿਕ ਜਾਮ ਕਾਰਨ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਹ ਫੈਸਲਾ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ। 


ਇਹ ਵੀ ਪੜ੍ਹੋ: PM Kisan Update: 17-18 ਤਾਰੀਖ਼ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚ ਜਾਵੇਗੀ 12ਵੀਂ ਕਿਸ਼ਤ , ਦੇਰੀ ਹੋਣ ਦੀ ਦੱਸੀ ਅਸਲ ਵਜ੍ਹਾ


ਇਸੇ ਕੜੀ ਵਜੋਂ ਕਮਿਸ਼ਨਰ ਨੇ ਬਾਜ਼ਾਰਾਂ ਦੀਆਂ ਐਸੋਸੀਏਸ਼ਨਾਂ ਨਾਲ ਵੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਟ੍ਰੈਫਿਕ ਜਾਮ ਤੋਂ ਬਚਾਉਣ ਦੇ ਨਾਲ-ਨਾਲ ਪਾਰਕਿੰਗ ਮੁਹੱਈਆ ਕਰਵਾਉਣਾ ਹੀ ਮੁੱਖ ਮੰਤਵ ਹੈ। ਉਨ੍ਹਾਂ ਦੱਸਿਆ ਕਿ ਸਾਈਂ ਮਾਰਕੀਟ ਤੋਂ ਅਨਾਰਦਾਨਾ ਚੌਕ ਤੋਂ ਮੋਦੀ ਕਾਲਜ ਚੌਕ ਵੱਲ ਜਾਣ ਵਾਲੀ ਸੜਕ ਨੂੰ ਮੁੜ ਤੋਂ ਵਨ-ਵੇਅ ਕੀਤਾ ਜਾਵੇਗਾ। ਲੀਲਾ ਭਵਨ ਮਾਰਕੀਟ ਦੇ ਪਿੱਛੇ ਵਾਲੀ ਸੜਕ ਨੂੰ ਵੀ ਵਨ-ਵੇਅ ਅਧੀਨ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਸ਼ਹਿਰ ਦੇ ਕਿਸੇ ਵੀ ਚੌਰਾਹੇ ’ਤੇ ਰਿਕਸ਼ਾ ਜਾਂ ਈ-ਰਿਕਸ਼ਾ ਨੂੰ ਨਿਯਮਤ ਤੌਰ ’ਤੇ ਖੜ੍ਹੇ ਨਹੀਂ ਹੋਣਗੇ। 


ਟ੍ਰੈਫਿਕ ਦੇ ਡੀਐਸਪੀ ਕਰਨਬੀਰ ਤੂਰ ਨੇ ਕਿਹਾ ਕਿ ਨਾਜਾਇਜ਼ ਪਾਰਕਿੰਗ ਸਬੰਧੀ ਸਮੱਸਿਆ ਆਉਣ’ਤੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ ਅਤੇ ਉਹ ਬਿਨਾਂ ਕਿਸੇ ਦੇਰੀ ਤੋਂ ਆਪਣੀਆਂ ਸੇਵਾਵਾਂ ਦੇਣਗੇ। ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਦਾ ਕਹਿਣਾ ਹੈ ਕਿ ਵਪਾਰੀ ਨਿਗਮ ਤੇ ਟ੍ਰੈਫਿਕ ਪੁਲੀਸ ਨੂੰ ਸਹਿਯੋਗ ਦੇਣਗੇ। ਬਾਜ਼ਾਰਾਂ ਵਿੱਚ ਟ੍ਰੈਫਿਕ ਜਾਮ ਤੋਂ ਬਚਣ ਲਈ ਦੁਕਾਨਦਾਰ ਵੀ ਆਪਸ ਵਿੱਚ ਸਹਿਮਤ ਹੋ ਕੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਟਰੈਫਿਕ ਮਾਰਸ਼ਲ ਲਗਾਉਣ ਬਾਰੇ ਵਿਚਾਰ ਕਰਨਗੇ। ਹਰ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਨਾਕਾਬੰਦੀ ਕਰਕੇ ਨਾਜਾਇਜ਼ ਪਾਰਕਿੰਗ ਤੋਂ ਬਚਣ ਲਈ ਸਹਿਯੋਗ ਕਰੇਗਾ।