Sangrur News: 8736 ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਨੇੜਲੇ ਪਿੰਡ ਖੁਰਾਣਾ ਵਿਖੇ ਪਾਣੀ ਵਾਲੀ ਟੈਂਕੀ ਉਪਰ ਤੇ ਹੇਠਾਂ ਚੱਲ ਰਿਹਾ ਪੱਕਾ ਮੋਰਚਾ 35ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਮਾਨਸਾ ਦਾ ਇੰਦਰਜੀਤ ਸਿੰਘ ਪਿਛਲੇ 35 ਦਿਨਾਂ ਤੋਂ ਟੈਂਕੀ ਉਪਰ ਡਟਿਆ ਹੋਇਆ ਹੈ ਜਦੋਂਕਿ ਹੇਠਾਂ ਕੱਚੇ ਅਧਿਆਪਕ ਰੋਸ ਧਰਨੇ ’ਤੇ ਬੈਠੇ ਹਨ। ਰੋਸ ਧਰਨੇ ’ਚ ਐਤਵਾਰ ਨੂੰ ਜ਼ਿਲ੍ਹਾ ਬਰਨਾਲਾ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।


ਇਸ ਮੌਕੇ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਲਾ ਤੇ ਸੋਨਦੀਪ ਸਿੰਘ ਟੱਲੇਵਾਲ ਨੇ ਪੰਜਾਬ ਸਰਕਾਰ ਤੇ ਵਰਦਿਆਂ ਰੋਸ਼ ਜ਼ਾਹਿਰ ਕੀਤਾ ਕਿ ਸਾਥੀ ਇੰਦਰਜੀਤ ਸਿੰਘ ਦੀਆਂ 35 ਦਿਨ ਤੇ ਰਾਤਾਂ ਕਰੜੀ ਧੁੱਪ, ਮੀਂਹ ਹਨੇਰੀ ਵਿੱਚ ਪਾਣੀ ਵਾਲੀ ਟੈਂਕੀ ਦੇ ਉਪਰ ਬੈਠੇ ਦੀਆਂ ਲੰਘ ਗਈਆਂ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵਲੋਂ ਟੈਂਕੀ ਉਪਰ ਚੜ੍ਹੇ ਅਧਿਆਪਕ ਇੰਦਰਜੀਤ ਅਤੇ 34 ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।


ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੰਘਰਸ਼ੀ ਅਧਿਆਪਕਾਂ ਨੇ ਸਰਕਾਰ ਦੀ ਬੇਰੁਖ਼ੀ ਤੋਂ ਤੰਗ ਆ ਕੇ ਕੋਈ ਕਦਮ ਚੁੱਕ ਲਿਆ ਤਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਆਪਣੇ ਹੀ ਨੋਟੀਫਿਕੇਸ਼ਨ ਨੂੰ ਤੁਰੰਤ ਲਾਗੂ ਕਰਕੇ 8736 ਮੁਲਾਜ਼ਮਾਂ ਨੂੰ ਪੂਰੇ ਸਕੇਲਾਂ ’ਚ ਰੈਗੂਲਰ ਕੀਤਾ ਜਾਵੇ।


ਰੋਸ ਧਰਨੇ ’ਚ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਹਰਿੰਦਰ ਮੱਲੀਆਂ, ਜਿਲ੍ਹਾ ਜਨਰਲ ਸਕੱਤਰ ਕੁਸ਼ਲ ਸਿੰਘੀ, ਤੇਜਿੰਦਰ ਸਿੰਘ ਤੇਜੀ, ਸੁਰਿੰਦਰ ਬਰਨਾਲਾ ਨੇ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਇਸ਼ਤਿਹਾਰਬਾਜ਼ੀ ਦੇ ਸਰਕਾਰ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਜੋ ਕਿ ਲੋਕਾਂ ਦੇ ਅੱਖੀਂ ਘੱਟਾ ਪਾਉਣ ਦਾ ਕੋਝਾ ਯਤਨ ਕੀਤਾ ਗਿਆ ਹੈ।


ਇਹ ਵੀ ਪੜ੍ਹੋ: ਪਟਿਆਲਾ ਜ਼ਿਲ੍ਹੇ 'ਚ ਹੜ੍ਹਾਂ ਦਾ ਕਹਿਰ! ਘੱਗਰ, ਟਾਂਗਰੀ ਤੇ ਸਰਹਿੰਦ ਚੋਅ ਸਣੇ ਨਦੀਆਂ-ਨਾਲਿਆਂ ’ਚ 50 ਥਾਂਵਾਂ ’ਤੇ ਪਾੜ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Sangrur News: ਸੰਗਰੂਰ ਜ਼ਿਲ੍ਹੇ 'ਚ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ 'ਚ ਛੁੱਟੀਆਂ ਦਾ ਐਲਾਨ