ਮਾਨਸਾ ਪੁਲੀਸ ਵੱਲੋਂ ਪਿਛਲੇ ਦਿਨੀਂ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟੇ  ਨੂੰ ਗ੍ਰਿਫਤਾਰ ਕੀਤੇ ਜਾਣ ਦੇ ਵਿਰੋਧ ਵਿੱਚ ਲਗਾਤਾਰ ਧਰਨਾ ਚੱਲ ਰਿਹਾ ਹੈ। ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਮਿਲਣ ਦੇ ਲਈ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੌਜਵਾਨ ਦੇ ਘਰ ਪਹੁੰਚੇ ਅਤੇ ਪਰਿਵਾਰ ਦਾ ਹਰ ਤਰ੍ਹਾਂ ਸਾਥ ਦੇਣ ਦਾ ਭਰੋਸਾ ਦਿੱਤਾ।


ਇਸ ਦੌਰਾਨ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ''ਉਲਟਾ ਚੋਰ ਕੋਤਵਾਲ ਨੂੰ ਡਾਂਟੇ'' ਇਹ ਵਾਲੀ ਕਹਾਵਤ ਮਾਨਸਾ ਦੇ ਵਿੱਚ ਸਿੱਧ ਹੋ ਰਹੀ ਹੈ। ਪੁਲਿਸ ਨੇ ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ ਸੀ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਜਦੋਂ ਕਿ ਨਸ਼ੇ ਦੇ ਖਿਲਾਫ ਮੁਹਿੰਮ ਚਲਾਉਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 


ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਨੇ ਇਸ ਪਰਵਿੰਦਰ ਸਿੰਘ ਨੂੰ ਜਿਸ ਤਰ੍ਹਾਂ ਗ੍ਰਿਫਤਾਰ ਕੀਤਾ ਗਿਆ ਉਹ ਸਭ ਨੇ ਵੀਡੀਓ ਦੇ ਵਿੱਚ ਦੇਖਿਆ ਹੈ। ਘਰ ਵਿੱਚ ਮਹਿਲਾਵਾਂ ਵੀ ਮੌਜੂਦ ਸਨ ਪਰ ਪੁਲਿਸ ਪਾਰਟੀ ਨਾਲ ਕੋਈ ਵੀ ਮਹਿਲਾ ਪੁਲਿਸ ਕਰਮਚਾਰੀ ਨਹੀਂ ਆਈ।  ਸਾਡੀ ਪਾਰਟੀ ਇਨ੍ਹਾਂ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਹਾਈਕੋਰਟ ਦਾ ਰੁੱਖ ਕਰੇਗੀ


ਮਾਨ ਨੇ ਕਿਹਾ ਕਿ ਨੌਜਵਾਨ ਪਰਵਿੰਦਰ ਸਿੰਘ ਝੋਟੇ ਦੇ ਨਾਲ ਸਾਡੀ ਪਾਰਟੀ ਹਰ ਸਮੇਂ ਮੌਜੂਦ ਹੈ। ਮੁੱਖ ਮੰਤਰੀ ਕਹਿੰਦੇ ਸਨ ਕਿ ਇੱਕ ਪੁਲਿਸ ਅਧਿਕਾਰੀ ਜ਼ਿਆਦਾ ਸਮਾਂ ਇੱਕ ਜਿਲ੍ਹੇ ਵਿੱਚ ਨਹੀਂ ਰਹੇਗਾ ਪਰ ਇੱਥੇ ਤਾਂ ਅਜਿਹੇ ਕੁਝ ਨਹੀਂ ਹੋ ਰਿਹਾ ਕਈ ਪੁਲਿਸ ਅਧਿਕਾਰੀ ਲੰਬੇ ਸਮੇਂ ਤੋਂ ਇੱਕ ਜਗ੍ਹਾ 'ਤੇ ਟਿੱਕ ਕੇ ਬੈਠੇ ਹੋਏ ਹਨ। ਇਹਨਾਂ ਦੀ ਬਦਲੀ ਕਦੋਂ ਕਰਨਗੇ ? 


ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮਾਨਸਾ ਪੁਲਿਸ ਨੂੰ ਉਸ ਨੌਜਵਾਨ ਦੀ ਹੌਂਸਲਾ ਅਫਜ਼ਾਈ ਕਰਨੀ ਚਾਹੀਦੀ ਸੀ ਪਰ ਉਲਟਾ ਪਰਵਿੰਦਰ  ਨੂੰ ਹੀ ਗਿਰਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਕੁਝ ਤਾਂ ਅੰਗਰੇਜ਼ਾਂ ਦੇ ਸਮੇਂ ਵੀ ਨਹੀਂ ਹੁੰਦਾ ਸੀ ਜੋ ਕੁਝ ਹੁਣ ਹੋ ਰਿਹਾ ਹੈ। 


ਉਨ੍ਹਾਂ ਕਿਹਾ ਜੇਲ੍ਹ ਵਿੱਚ ਪਰਵਿੰਦਰ ਸਿੰਘ ਨੂੰ ਕੱਪੜੇ ਤੱਕ ਨਹੀਂ ਦੇਣ ਦਿੱਤੇ ਗਏ, ਜਿਸ ਦੀ ਅਸੀਂ ਸਖਤ ਸ਼ਬਦਾਂ ਦੇ ਵਿਚ ਨਿਖੇਦੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਨੂੰ ਜਲਦੀ ਰਿਹਾਅ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਪਾਰਟੀ ਵੱਲੋਂ ਵੱਡਾ ਸੰਘਰਸ਼ ਉਲੀਕੀਆ ਜਾਵੇਗਾ। 


ਦੋ ਦਿਨ ਪਹਿਲਾਂ  ਮਾਨਸਾ ਪੁਲਿਸ ਨੇ ਸ਼ਹਿਰ ਦੇ ਨੌਜਵਾਨ  ਪਰਵਿੰਦਰ ਸਿੰਘ ਝੋਟੇ ਨੂੰ ਗਿਰਫ਼ਤਾਰ ਕਰ ਲਿਆ ਹੈ। ਨੌਜਵਾਨ ਨੂੰ ਪੁਲਿਸ ਵੱਲੋਂ ਧੱਕੇ ਨਾਲ ਗ੍ਰਿਫਤਾਰ ਕਰਨ ਦੇ ਰੋਸ ਵਿੱਚ ਸ਼ਹਿਰ ਵਾਲਿਆਂ ਨੇ ਪੁਲਿਸ ਦਫਤਰ ਅੱਗੇ ਧਰਨਾ ਲਾਇਆ ਅਤੇ ਕਿਹਾ ਕਿ ਜਦ ਤਕ ਝੋਟੇ ਨੂੰ ਰਿਹਾ ਨਹੀਂ ਕੀਤਾ ਜਾਂਦਾ ਇਹ ਧਰਨਾ ਜਾਰੀ ਰਹੇਗਾ ਅਤੇ 21 ਜੁਲਾਈ ਨੂੰ ਵੱਡਾ ਇਕੱਠ ਹੋਵੇਗਾ।