Sangrur News: ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਪਿੰਡ ਲੌਂਗੋਵਾਲ ਵਿਖੇ ਕਰਵਾਇਆ ਜਾ ਰਿਹਾ ਦੋ ਰੋਜ਼ਾ ਖੇਡ ਮਹਾਂਕੁੰਭ ''ਖੇਡਾਂ ਹਲਕਾ ਸੁਨਾਮ ਦੀਆਂ'' ਐਤਵਾਰ ਦੇਰ ਸ਼ਾਮ ਨੂੰ ਪੇਂਡੂ ਖਿਡਾਰੀਆਂ ਦੇ ਕੌਮੀ ਪੱਧਰ 'ਤੇ ਨਾਮਣਾ ਖੱਟਣ ਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਦਾ ਰਾਹ ਪੱਧਰਾ ਕਰਨ ਦੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਐਲਾਨ ਕੀਤਾ ਕਿ ''ਖੇਡਾਂ ਹਲਕਾ ਸੁਨਾਮ ਦੀਆਂ'' ਟੂਰਨਾਮੈਂਟ ਹਰ ਸਾਲ ਕਰਵਾਇਆ ਜਾਵੇਗਾ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਇਸ ਸੁਪਰ ਸਪੋਰਟਸ ਲੀਗ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ ਤੇ ਜੇਤੂ ਟੀਮਾਂ ਨੂੰ ਨਕਦ ਇਨਾਮਾਂ ਤੇ ਖ਼ਾਸ ਤੌਰ 'ਤੇ ਤਿਆਰ ਕੀਤੀਆਂ ਟਰਾਫੀਆਂ ਨਾਲ ਸਨਮਾਨਿਤ ਕੀਤਾ।




ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਵਾਲੀਬਾਲ ਸ਼ੂਟਿੰਗ ਵਿੱਚ ਪਿੰਡ ਅਕਬਰਪੁਰ ਦੀ ਟੀਮ ਨੇ ਪਹਿਲਾ, ਸ਼ੇਰੋਂ ਦੀ ਟੀਮ ਨੇ ਦੂਜਾ ਤੇ ਸ਼ਾਹਪੁਰ ਕਲਾਂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ ਸਮੈਸ਼ਿੰਗ ਵਿੱਚ ਬਡਰੁੱਖਾਂ ਨੇ ਪਹਿਲਾ ਸਥਾਨ, ਲਖਮੀਰਵਾਲਾ ਨੇ ਦੂਜਾ ਤੇ ਬਹਾਦਰਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਵਿੰਗ ਦੇ ਰੱਸਾਕਸ਼ੀ ਮੁਕਾਬਲੇ ਵਿੱਚ ਤੋਗਾਵਾਲ ਦੀ ਟੀਮ ਜੇਤੂ ਰਹੀ ਜਦਕਿ ਸ਼ੇਰੋਂ ਦੂਜੇ ਤੇ ਬਹਾਦਰਪੁਰ ਤੀਜੇ ਸਥਾਨ ’ਤੇ ਰਹੀ। ਰੱਸਾਕਸ਼ੀ (ਜੂਨੀਅਰ ਵਿੰਗ) ਮੁਕਾਬਲਾ ਸਰਕਾਰੀ ਹਾਈ ਸਕੂਲ ਕੁਲਾਰਾਂ ਦੀ ਏ ਟੀਮ ਨੇ ਜਿੱਤਿਆ, ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਕੁਲਾਰਾਂ ਦੀ ਟੀਮ ਬੀ ਦੂਜੇ ਤੇ ਸਰਕਾਰੀ ਹਾਈ ਸਕੂਲ ਤੋਗਾਵਾਲ ਤੀਜੇ ਸਥਾਨ ’ਤੇ ਰਹੀ।

ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਪੰਜਾਬ ਵਿੱਚੋਂ ਨਸ਼ਿਆਂ ਖਾਸ ਕਰਕੇ 'ਚਿੱਟੇ' ਦਾ ਖਾਤਮਾ ਕਰਨਾ ਹੈ ਤੇ ਇਹ ਨੌਜਵਾਨਾਂ ਨੂੰ ਸਹੀ ਰਾਹ ਵੱਲ ਲਗਾ ਕੇ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਤੋਂ ਇਲਾਵਾ ਸੂਬੇ ਵਿੱਚੋਂ ਹਰ ਤਰ੍ਹਾਂ ਦੀ ਕੁਰੀਤੀ ਨੂੰ ਜਲਦ ਹੀ ਖਤਮ ਕਰ ਦਿੱਤਾ ਜਾਵੇਗਾ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਉਲਟ ਮੌਜੂਦਾ ਪੰਜਾਬ ਸਰਕਾਰ ਵੱਲੋਂ ਇਸ ਲਈ ਦਿਨ-ਰਾਤ ਅਣਥੱਕ ਯਤਨ ਕੀਤੇ ਜਾ ਰਹੇ ਹਨ।


ਇਹ ਵੀ ਪੜ੍ਹੋ : ਪਰਨੀਤ ਕੌਰ ਨੇ ਦਿੱਤਾ ਕਾਰਨ ਦੱਸੋ ਨੋਟਿਸ ਦਾ ਜਵਾਬ, ਹਾਈਕਮਾਨ ਨੂੰ ਕਿਹਾ, 'ਤੁਸੀਂ ਕਾਰਵਾਈ ਕਰਨ ਲਈ ਆਜ਼ਾਦ ਹੋ'

ਅਮਨ ਅਰੋੜਾ ਨੇ ਕਿਹਾ  ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਪੇਂਡੂ ਖੇਤਰ ਦੇ ਉਭਰਦੇ ਖਿਡਾਰੀਆਂ ਦੇ ਹੁਨਰ ਨੂੰ ਨਿਖਾਰਨ ਲਈ 'ਖੇਡਾਂ ਵਤਨ ਪੰਜਾਬ ਦੀਆਂ' ਨੂੰ ਪਿੰਡ ਪੱਧਰ 'ਤੇ ਲੈ ਕੇ ਜਾਣ ਲਈ ਹੀ 'ਖੇਡਾਂ ਹਲਕਾ ਸੁਨਾਮ ਦੀਆਂ' ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਤੋਂ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਇਹ ਖੇਡਾਂ ਹਰ ਸਾਲ ਕਰਵਾਈਆਂ ਜਾਣਗੀਆਂ। ਸਮਾਪਤੀ ਸਮਾਰੋਹ ਦੌਰਾਨ ਸੂਫ਼ੀ ਗਾਇਕ ਕਮਲ ਖਾਨ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਕੀਲਿਆ।