Sangrur News: ਬਰਨਾਲਾ ਦੇ ਪਿੰਡ ਸਹਿਜੜਾ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਕਤਲ ਮ੍ਰਿਤਕ ਦੇ ਚਾਚੇ ਤੇ ਉਸ ਦੇ ਬੇਟੇ ਨੇ ਹੀ ਕੀਤਾ ਹੈ। ਇਸ ਘਟਨਾ 'ਚ ਇੱਕ ਔਰਤ ਤੇ ਉਸ ਦਾ ਲੜਕਾ ਵੀ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਔਰਤ ਨੂੰ ਚੰਡੀਗੜ੍ਹ ਤੇ ਨੌਜਵਾਨ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


ਹਾਸਲ ਜਾਣਕਾਰੀ ਮੁਤਾਬਕ ਇਹ ਘਟਨਾ ਸ਼ਨੀਵਾਰ ਦੇਰ ਰਾਤ ਵਾਪਰੀ ਹੈ। ਪੁਲਿਸ ਮੁਤਾਬਕ ਦੋਸ਼ੀਆਂ ਨੇ ਤੇਜ਼ਧਾਰ ਹਥਿਆਰ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।


ਦੱਸ ਦੇਈਏ ਕਿ ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦਾ ਪਿਤਾ ਗੰਭੀਰ ਬੀਮਾਰੀ ਕਾਰਨ ਮੰਜੇ 'ਤੇ ਹੈ। ਉਸ ਦੀਆਂ ਦੋ ਭੈਣਾਂ ਵਿਦੇਸ਼ 'ਚ ਰਹਿੰਦੀਆਂ ਹਨ। ਜਦੋਂਕਿ ਹੁਣ ਘਰ ਵਿੱਚ ਸਿਰਫ਼ ਮਾਂ ਹੀ ਰਹਿ ਗਈ ਹੈ, ਜਿਸ ਦੀ ਰੋ-ਰੋ ਕੇ ਹਾਲਤ ਖਰਾਬ ਹੋ ਗਈ ਹੈ।


ਇਸ ਘਟਨਾ ਵਿੱਚ ਜ਼ਖਮੀ ਰਮਨਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਗਸੀਰ ਸਿੰਘ ਪਿੰਡ ਦੇ ਹੀ ਜਗਦੀਪ ਸਿੰਘ ਨਾਲ ਗਾਲੀ-ਗਲੋਚ ਕਰ ਰਿਹਾ ਸੀ। ਇਸ ਦੌਰਾਨ ਜਗਸੀਰ ਸਿੰਘ ਤੇ ਉਸ ਦੇ ਪਿਤਾ ਨੇ ਜਗਦੀਪ ਸਿੰਘ, ਮੇਰੇ ਤੇ ਮੇਰੀ ਮਾਤਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। 


ਇਸ ਘਟਨਾ ਵਿੱਚ ਜਗਦੀਪ ਸਿੰਘ ਦੀ ਮੌਤ ਹੋ ਗਈ। ਜਦੋਂਕਿ ਮੈਂ ਤੇ ਮੇਰੀ ਮਾਂ ਗੰਭੀਰ ਜ਼ਖ਼ਮੀ ਹੋ ਗਏ। ਮੇਰੀ ਮਾਂ ਨੂੰ ਗੰਭੀਰ ਹਾਲਤ ਵਿੱਚ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ ਇਹ ਘਟਨਾ ਜਗਸੀਰ ਸਿੰਘ ਦੇ ਨਸ਼ੇ ਵਿੱਚ ਹੋਣ ਕਰਕੇ ਵਾਪਰੀ ਹੈ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।


ਇਸ ਸਬੰਧੀ ਤਫ਼ਤੀਸ਼ੀ ਪੁਲਿਸ ਅਧਿਕਾਰੀ ਸਤਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਸਹਿਜੜਾ ਵਿੱਚ ਦੋ ਪਰਿਵਾਰਾਂ ਵਿੱਚ ਹੋਈ ਲੜਾਈ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਇੱਕ ਔਰਤ ਤੇ ਇਕ ਨੌਜਵਾਨ ਜ਼ਖਮੀ ਹੋ ਗਏ। ਪੁਲਿਸ ਨੇ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


ਇਹ ਵੀ ਪੜ੍ਹੋ: https://punjabi.abplive.com/district/chandigarh/do-you-have-any-information-about-kotakpura-shooting-incident-send-message-to-mobile-number-9875983237-702633/amp