Mansa - ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਧਰਨਾ ਸਥਾਨ 'ਤੇ ਰੈਲੀ ਕਰਨ ਤੋਂ ਬਾਦ ਸ਼ਹਿਰ ਵਿਚ ਮਾਰਚ ਕਰਨ ਦਾ ਐਲਾਨ ਕੀਤਾ ਹੈ, ਜੋ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਪਹੁੰਚੇਗਾ।


ਇਸ ਮਾਰਚ ਵਿਚ 2019 ਵਿਚ ਖਰੜ ਵਿਚ ਨਸ਼ਾ ਤਸਕਰ ਮਾਫੀਏ ਵਲੋਂ ਕਤਲ ਕਰਵਾਈ ਗਈ ਜ਼ੋਨਲ ਡਰੱਗ ਲਾਇਸੈਂਸਿੰਗ ਅਥਾਰਟੀ ਦੀ ਮੁੱਖੀ ਨੇਹਾ ਸ਼ੋਰੀ ਦੇ ਪਿਤਾ ਕੈਪਟਨ ਕੈਲਾਸ਼ ਸ਼ੋਰੀ, ਨਸ਼ਿਆਂ ਦੇ ਕਾਲੇ ਕਾਰੋਬਾਰ ਖ਼ਿਲਾਫ਼ ਲਗਾਤਾਰ ਆਵਾਜ਼ ਉਠਾਉਣ ਵਾਲੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਤੇ 'ਮੈਂ ਪੰਜਾਬੀ ਮੰਚ' ਦੀ ਸਮੁੱਚੀ ਟੀਮ, ਫੋਟੋ ਜਰਨਲਿਸਟ ਦੇਵੇਂਦਰ ਪਾਲ ਅਤੇ ਮੈਡਮ ਮਨਜੀਤ ਕੌਰ ਔਲਖ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੇ। 



ਇਹ ਜਾਣਕਾਰੀ ਜ਼ਿਲਾ ਸਕੱਤਰੇਤ ਵਿਚ ਪਿਛਲੇ 75 ਦਿਨ ਤੋਂ  ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਅਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਦਿੱਤੀ। ਉਨਾਂ ਤੋਂ ਇਲਾਵਾ ਅੱਜ ਧਰਨੇ ਨੂੰ ਭਾਈ ਜਸਵੰਤ ਸਿੰਘ ਜਵਾਹਰਕੇ , ਮੀਹਾਂ ਸਿੰਘ , ਚਤਿੰਨ ਸਿੰਘ , ਹਰਬੰਸ ਸਿੰਘ , ਦਰਸ਼ਨ ਸਿੰਘ ਕੋਟਫੱਤਾ, ਗਗਨਦੀਪ ਅਤੇ ਕੁਲਵਿੰਦਰ ਸੁੱਖੀ ਨੇ ਸੰਬੋਧਨ ਕੀਤਾ।


ਬੁਲਾਰਿਆਂ  ਨੇ ਕਿਹਾ ਕਿ ਵੱਡੇ ਦਾਹਵਿਆ ਤੇ ਐਲਾਨਾਂ ਦੇ ਬਾਵਜੂਦ ਮਾਨ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਮਾਨਸਾ ਜਿਲੇ ਵਿਚ ਵੱਡੇ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਮਾਰੂ ਨਸ਼ਿਆਂ ਦੀ ਸਪਲਾਈ ਬੰਦ ਕਰਨ ਵਿਚ ਫੇਲ ਸਾਬਤ ਹੋਏ ਹਨ।


 ਨਸ਼ਿਆਂ ਕਾਰਨ ਨਿੱਤ ਦਿਨ ਹੋ ਰਹੀ ਨੌਜਵਾਨਾਂ ਦੀਆਂ ਮੌਤਾਂ ਇਸ ਦਾ ਪ੍ਰਤੱਖ ਸਬੁਤ ਹਨ।  ਬੇਸ਼ਕ ਮਾਨਸਾ ਤੋਂ ਸ਼ੁਰੂ ਹੋਏ ਇਸ ਅੰਦੋਲਨ ਨੇ ਪੂਰੇ ਸੂਬੇ ਵਿਚ ਜਨਤਾ ਨੂੰ ਮਾਰੂ ਨਸ਼ਿਆਂ ਖ਼ਿਲਾਫ਼ ਲੜਨ ਲਈ ਜਾਗਰਤ ਕੀਤਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਨਸ਼ੇ ਦੇ ਕਾਰੋਬਾਰ ਦੀ ਜਾਂਚ ਲਈ ਉਚ ਅਦਾਲਤ ਦੇ ਹੁਕਮਾਂ ਉਤੇ ਬਣੀਆਂ ਸਪੈਸ਼ਲ ਜਾਂਚ ਟੀਮਾਂ ਦੀਆਂ ਰਿਪੋਰਟਾਂ ਨੂੰ ਖੋਹਲ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਬਜਾਏ, ਅਦਾਲਤਾਂ ਉਨਾਂ ਲਿਫ਼ਾਫ਼ਾ ਬੰਦ ਰਿਪੋਰਟਾਂ ਨੂੰ ਖੋਹਲਣ ਤੋਂ ਹੀ ਇਨਕਾਰੀ ਹਨ।


ਇਸ ਲਈ ਜ਼ਰੂਰਤ ਹੈ ਕਿ ਉਹ ਸੀਲ ਬੰਦ ਰਿਪੋਰਟਾਂ ਖੁਲਵਾਉਣ ਅਤੇ ਸਰਕਾਰ ਤੇ ਪੁਲਸ ਪ੍ਰਸ਼ਾਸਨ ਨੂੰ ਤਸਕਰਾਂ ਖਿਲਾਫ ਫੈਸਲਾਕੁੰਨ ਕਾਰਵਾਈ ਲਈ ਮਜਬੂਰ ਕਰਨ ਲਈ ਇਸ ਅੰਦੋਲਨ ਨੂੰ ਪੰਜਾਬ ਪੱਧਰ 'ਤੇ ਮਜ਼ਬੂਤ ਕੀਤਾ ਜਾਵੇ ।


ਇਸੇ ਦੌਰਾਨ ਅੱਜ ਜ਼ਿਲਾ ਕ੍ਰਿਕਟ ਐਸੋਸੀਏਸ਼ਨ ਵਲੋਂ ਅਪਣੇ ਇਕ ਸਮਾਗਮ ਵਿਚ ਨਸ਼ਿਆਂ ਵਰਗੇ ਅਹਿਮ ਤੇ ਨਾਜ਼ੁਕ ਸਮਾਜਿਕ ਮੁੱਦੇ 'ਤੇ ਸੰਘਰਸ਼ ਛੇੜਨ ਅਤੇ ਜੇਲ ਯਾਤਰਾ ਕਰਨ ਬਦਲੇ ਪਰਵਿੰਦਰ ਸਿੰਘ ਝੋਟਾ ਨੂੰ ਸਨਮਾਨਤ ਵੀ ਕੀਤਾ ਗਿਆ।