ਪੰਜਾਬ ਵਿੱਚ ਅੱਜ ਸਵੇਰੇ ਤੜਕੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੇ ਦਬਿਸ਼ ਦਿੱਤੀ ਹੈ। NIA ਨੇ ਇਹ ਰੇਡ ਬਠਿੰਡਾ ਦੇ ਪਿੰਡ ਜੇਠੂਕੇ ਵਿੱਚ ਮਾਰੀ ਹੈ। ਜੇਠੂਕੇ ਪਿੰਡ ਵਿੱਚ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਦੇ ਘਰ ਨੂੰ NIA ਦੇ ਅਫ਼ਸਰ ਖੰਗਾਲ ਰਹੇ ਹਨ। ਬਠਿੰਡਾ 'ਚ ਬੁੱਧਵਾਰ ਸਵੇਰੇ ਕਰੀਬ 6 ਵਜੇ NIA ਦੀਆਂ ਦੋ ਟੀਮਾਂ ਰਾਮਪੁਰਾ ਅਤੇ ਮੋੜ ਮੰਡੀ ਪਹੁੰਚੀਆਂ। 


ਗੁਰਪ੍ਰੀਤ ਸਿੰਘ ਗੁਰੀ ਬਠਿੰਡਾ ਪੁਲੀਸ ਨੂੰ ਕਤਲ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਮੁਲਜ਼ਮ ਹੈ। ਜਲੰਧਰ ਵਿੱਚ ਇਸ ਦੇ ਖਿਲਾਫ਼ ਧਾਰਾ 302 ਦੇ ਤਹਿਤ ਵੀ ਪਰਚਾ ਦਰਜ ਹੈ। NIA ਦੀ ਇੱਕ ਦੀ ਟੀਮ ਹੈਰੀ ਮੋਰ ਦੇ ਘਰ ਵੀ ਪਹੁੰਚੀ ਹੈ।  ਹੈਰੀ ਦਾ ਵੀ ਕਈ ਵੱਖ ਵੱਖ ਮਾਮਲਿਆਂ ਵਿੱਚ ਨਾਮ ਹੈ।


ਬੀਤੇ ਦਿਨ ਵੀ NIA ਨੇ ਪੰਜਾਬ ਵਿੱਚ ਵੱਡੀ ਕਾਰਵਾਈ ਕੀਤੀ ਸੀ। ਕੁਝ ਦਿਨ ਪਹਿਲਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ  ਨੇ ਕੈਨੇਡਾ 'ਚ ਮਾਰੇ ਗਏ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਜਲੰਧਰ ਸਥਿਤ ਘਰ 'ਤੇ ਜਾਇਦਾਦ ਜ਼ਬਤ ਕਰਨ ਦਾ ਨੋਟਿਸ ਚਿਪਕਾਇਆ ਸੀ। ਨਿੱਝਰ ਦਾ ਘਰ ਜਲੰਧਰ ਦੇ ਪਿੰਡ ਭਾਰਸਿੰਘਪੁਰਾ (ਫਿਲੌਰ) ਵਿੱਚ ਹੈ। ਜਿਸ ਨੂੰ ਪਿਛਲੇ ਡੇਢ ਸਾਲ ਤੋਂ ਤਾਲਾ ਲੱਗਿਆ ਹੋਇਆ ਹੈ। ਐਨਆਈਏ ਦੀ ਟੀਮ ਸ਼ਨੀਵਾਰ ਨੂੰ ਇੱਥੇ ਪਹੁੰਚੀ ਸੀ।


ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਗੈਂਗਸਟਰ ਅੱਤਵਾਦੀ ਨੈੱਟਵਰਕ ਖਿਲਾਫ ਵੱਡੀ ਕਾਰਵਾਈ ਹੈ। ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਪੰਜਾਬ ਅਤੇ ਦਿੱਲੀ-ਐਨਸੀਆਰ ਸਮੇਤ ਛੇ ਰਾਜਾਂ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ ਜਾ ਰਹੀ ਹੈ। ਕੁੱਲ ਮਿਲਾ ਕੇ 51 ਥਾਵਾਂ 'ਤੇ NIA ਛਾਪੇਮਾਰੀ ਕਰ ਰਹੀ ਹੈ। 


ਪੰਜਾਬ ਅਤੇ ਹਰਿਆਣਾ ਵਰਗੇ ਰਾਜਾਂ ਵਿੱਚ ਲੁਕੇ ਗੈਂਗਸਟਰਾਂ ਦੇ ਖਾਲਿਸਤਾਨੀ ਅੱਤਵਾਦੀਆਂ ਨਾਲ ਸਬੰਧ ਹੋਣ ਦੇ ਸਬੂਤ ਮਿਲੇ ਹਨ। ਖਾਲਿਸਤਾਨੀ ਅੱਤਵਾਦੀਆਂ ਰਾਹੀਂ ਹੀ ਗੈਂਗਸਟਰਾਂ ਨੂੰ ਹਥਿਆਰ ਮਿਲ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸੇ ਨੂੰ ਧਿਆਨ 'ਚ ਰੱਖਦੇ ਹੋਏ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ।


NIA ਨੇ ਕਿਹਾ ਹੈ ਕਿ ਉਹ 3 ਮਾਮਲਿਆਂ 'ਚ ਲਾਰੇਂਸ ਬੰਬੀਹਾ ਅਤੇ ਅਰਸ਼ ਡੱਲਾ ਗੈਂਗ ਦੇ ਸਾਥੀਆਂ ਨਾਲ ਸਬੰਧਤ 6 ਸੂਬਿਆਂ 'ਚ 51 ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। NIA ਦੀ ਟੀਮ ਪੰਜਾਬ ਦੇ ਬਠਿੰਡਾ ਅਤੇ ਮੋਗਾ ਵਿੱਚ ਮੌਜੂਦ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਅਤੇ ਬੰਬੀਹਾ ਗੈਂਗ ਸੁਰਖੀਆਂ ਵਿੱਚ ਸਨ। 


ਦੱਸਿਆ ਜਾਂਦਾ ਹੈ ਕਿ ਬੰਬੀਹਾ ਗੈਂਗ ਨੇ ਲਾਰੇਂਸ ਬਿਸ਼ਨੋਈ ਗੈਂਗ ਦਾ ਮੁਕਾਬਲਾ ਕਰਨ ਲਈ ਪਾਕਿਸਤਾਨ ਦੀ ਮਦਦ ਵੀ ਲਈ ਸੀ। ਇਸ ਦੇ ਨਾਲ ਹੀ ਅਰਸ਼ ਡੱਲਾ ਵਿਦੇਸ਼ਾਂ ਵਿੱਚ ਲੁਕਿਆ ਹੋਇਆ ਹੈ ਅਤੇ ਉਥੋਂ ਹੀ ਆਪਣੇ ਅਪਰਾਧਾਂ ਨੂੰ ਅੰਜਾਮ ਦੇ ਰਿਹਾ ਹੈ।