Punjab Police: ਪੰਜਾਬ ਦੇ ਬਰਨਾਲਾ 'ਚ ਨਸ਼ਾ ਤਸਕਰੀ ਦੇ ਮਾਮਲੇ 'ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬਰਨਾਲਾ ਪੁਲਿਸ ਨੇ ਇੱਕ ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉੱਤਰ ਪ੍ਰਦੇਸ਼ 'ਚ ਪੁਲਿਸ ਨੇ ਛਾਪੇਮਾਰੀ ਕਰਕੇ ਚਾਰੋਂ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਨਸ਼ਾ ਤਸਕਰਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਇੱਕ ਗੱਡੀ ਬਰਾਮਦ ਕੀਤੀ ਹੈ।


ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਪਟਿਆਲਾ ਦੇ ਰਹਿਣ ਵਾਲੇ ਇੱਕ ਨਸ਼ਾ ਤਸਕਰ ਸ਼ਿਵਰਾਮ ਨੂੰ ਫੜਿਆ ਸੀ। ਪੁਲਿਸ ਨੇ ਉਸ ਕੋਲੋਂ 1 ਲੱਖ 37 ਹਜ਼ਾਰ 550 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਸ ਦੀ ਪੁੱਛਗਿੱਛ ਦੇ ਆਧਾਰ 'ਤੇ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲੇ ਅਤੇ ਮੁਜ਼ੱਫਰਨਗਰ ਜ਼ਿਲੇ 'ਚ ਛਾਪੇਮਾਰੀ ਕੀਤੀ। 


ਉਥੋਂ ਪੁਲਿਸ ਨੇ ਮੁਹੰਮਦ ਆਲਮ, ਅਭਿਸ਼ੇਕ ਕੁਮਾਰ ਅਤੇ ਆਸ਼ੂ ਤਿੰਨੋਂ ਵਾਸੀ ਸਹਾਰਨਪੁਰ, ਫਰਮਾਨ ਅਲੀ ਵਾਸੀ ਮੁਜ਼ੱਫਰਨਗਰ ਨੂੰ ਗ੍ਰਿਫਤਾਰ ਕਰ ਲਿਆ। ਫੜੇ ਗਏ ਸਮੱਗਲਰਾਂ ਕੋਲੋਂ ਪੁਲਿਸ ਨੇ 4.25 ਲੱਖ ਨਸ਼ੀਲੀਆਂ ਗੋਲੀਆਂ ਅਤੇ ਇਕ ਐਕਸੈਂਟ ਕਾਰ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।