Barnala News: ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ (Bhana Sidhu) ਨੂੰ ਅੱਜ ਬਰਨਾਲਾ ਦੇ ਸੀਆਈਏ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਕੀਤੀ ਹੈ। ਅੱਜ ਭਾਨਾ ਸਿੱਧੂ ਨੂੰ ਬਰਨਾਲਾ ਦੀ ਸੀਆਈਏ ਟੀਮ ਨੇ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਹੈ।  ਪੁਲੀਸ ਨੇ ਕੁਝ ਦਿਨ ਪਹਿਲਾਂ ਇੱਕ ਪੁਲੀਸ ਮੁਲਾਜ਼ਮ ਦੀ ਸ਼ਿਕਾਇਤ ’ਤੇ ਭਾਨਾ ਸਿੱਧੂ ਖ਼ਿਲਾਫ਼ ਕੇਸ ਦਰਜ ਕੀਤਾ ਸੀ।



 

ਦਰਅਸਲ 'ਚ ਭਾਨਾ ਸਿੱਧੂ ਤੇ ਉਸ ਦੇ ਸਹਿਯੋਗੀ ਅਮਨਦੀਪ ਸਿੰਘ ਅਮਨਾ ਵਾਸੀ ਪਿੰਡ ਕੋਟਦੁੱਨਾ ਜ਼ਿਲ੍ਹਾ ਬਰਨਾਲਾ ਖਿਲਾਫ਼ ਪੰਜਾਬ ਪੁਲਿਸ ਦੇ ਏਐਸਆਈ ਦੀ ਸ਼ਿਕਾਇਤ ਦੇ ਅਧਾਰ 'ਤੇ ਥਾਣਾ ਮਹਿਲ ਕਲਾਂ ਵਿਖੇ 11 ਮਈ 2023 ਨੂੰ 189, 355, 506, 500 ਅਤੇ ਐਸ.ਸੀ/ਐਸ.ਟੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਦਰਜ ਕੀਤਾ ਗਿਆ ਸੀ। ਇਹ ਪਰਚਾ ਭਾਨਾ ਸਿੱਧੂ ਦੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੁਲਿਸ ਪ੍ਰਸ਼ਾਸਨ ਨੂੰ ਧਮਕੀਆਂ ਦੇਣ ਤੋਂ ਬਾਅਦ ਕੀਤਾ ਹੈ।

 





ਦੱਸਿਆ ਜਾਂਦਾ ਹੈ ਕਿ ਭਾਨਾ ਸਿੱਧੂ ਵੱਲੋਂ ਸੋਸ਼ਲ ਮੀਡੀਆ 'ਤੇ ਕਹੀਆਂ ਕੁਝ ਗੱਲਾਂ ਤੋਂ ਬਾਅਦ ਏਐਸਆਈ ਨੇ ਭਾਨਾ ਸਿੱਧੂ ਖਿਲਾਫ ਇੱਕ ਵੀਡੀਓ ਉਸ ਨੂੰ ਵਰਜਦੇ ਹੋਏ ਪਾ ਦਿੱਤੀ ਸੀ। ਏਐਸਆਈ ਦੀ ਵੀਡੀਓ ਵਾਇਰਲ ਹੋਣ ਉਪਰੰਤ ਭਾਨਾ ਸਿੱਧੂ ਨੇ ਮੋੜਵਾਂ ਜੁਆਬ ਦਿੰਦਿਆਂ ਏਐਸਆਈ ਨੂੰ ਤੇ ਪੰਜਾਬ ਪੁਲਿਸ ਤੋਂ ਇਲਾਵਾ ਪ੍ਰਸ਼ਾਸ਼ਨ ਤੇ ਸਰਕਾਰ ਉੱਪਰ ਵੀ ਕਾਫੀ ਤਿੱਖੇ ਸ਼ਬਦਾਂ ਦੇ ਵਾਰ ਕੀਤੇ ਸਨ।     



 

ਦੱਸ ਦੇਈਏ ਕਿ ਪੁਲੀਸ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਅਨੁਸਾਰ ਭਾਨਾ ਸਿੱਧੂ ਨੇ ਉਕਤ ਪੁਲੀਸ ਮੁਲਾਜ਼ਮ ਨੂੰ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਦਿਆਂ ਧਮਕੀਆਂ ਵੀ ਦਿੱਤੀਆਂ ਅਤੇ ਪੁਲੀਸ ਨੇ ਭਾਨਾ ਸਿੱਧੂ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਇਸ ਮਾਮਲੇ ਵਿੱਚ ਅੱਜ ਪੁਲੀਸ ਨੇ ਭਾਨਾ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਭਾਨਾ ਸਿੱਧੂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।