BJP raised questions regarding admission :  ਭਾਰਤੀ ਜਨਤਾ ਪਾਰਟੀ (BJP) ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ (Arvind Khanna) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਆਪਣੇ ਮੂੰਹ ਮੀਆਂ ਮਿੱਠੂ ਬਣਨ ਦੀ ਅਸਫ਼ਲ ਕੋਸ਼ਿਸ਼ ਕਰ ਰਹੀ ਹੈ। ਉਹ ਅੱਜ ਸਰਕਾਰ ਵੱਲੋਂ ਲਗਵਾਈ ਇਸ਼ਤਿਹਾਰ ਰੂਪੀ ਖ਼ਬਰਾਂ ਤੇ ਟਿੱਪਣੀ ਕਰ ਰਹੇ ਸਨ, ਜਿਸ ਵਿੱਚ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਦੇ ਯਤਨਾਂ ਸਦਕਾ ਸਿੱਖਿਆ ਖੇਤਰ ਵਿੱਚ ਰਚਨਾਤਮਕ ਬਦਲਾਅ ਆਇਆ ਹੈ।


ਖੰਨਾ ਨੇ ਕਿਹਾ ਕਿ ਨਿੱਜੀ ਸਕੂਲਾਂ ਵਿੱਚ ਭਾਰੀ ਗਿਣਤੀ ਵਿੱਚ ਹੁੰਦੇ ਦਾਖਲੇ ਅਤੇ ਦਾਖਲਿਆਂ ਲਈ ਮਾਪਿਆਂ ਦਾ ਤਰਲੋ ਮੱਛੀ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕਾਂ ਦਾ ਭਰੋਸਾ ਸਰਕਾਰੀ ਸਕੂਲਾਂ ਵਿੱਚ ਨਹੀਂ ਬਣ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰ ਨਰਸਰੀ ਅਤੇ ਪ੍ਰੀ ਨਰਸਰੀ ਕਲਾਸਾਂ ਦੇ ਵਿਦਿਆਰਥੀਆਂ ਦੇ ਸਰਕਾਰੀ ਸਕੂਲਾਂ ਵਿੱਚ ਦਖਿਲੇ ਦੇ ਆਂਕੜੇ ਜਾਹਿਰ ਕਰ ਰਹੀ ਹੈ, ਜਦੋਂ ਕਿ ਹਕੀਕਤ ਵਿਚ ਮਾਪੇ ਸਿਰਫ ਨਰਸਰੀ ਅਤੇ ਪ੍ਰੀ ਨਰਸਰੀ ਵਰਗੀ ਕਲਾਸਾਂ ਲਈ ਆਪਣੇ ਬੱਚੇ ਦੀ ਛੋਟੀ ਉਮਰ ਕਰਕੇ ਆਪਣੇ ਘਰ ਦੇ ਨੇੜਲੇ ਸਕੂਲਾਂ ਨੂੰ ਪਹਿਲ ਦਿੰਦੇ ਹਨ।


ਉਨ੍ਹਾਂ ਕਿਹਾ ਕਿ ਸਰਕਾਰ ਹਾਲੇ ਤੱਕ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਕੋਈ ਠੋਸ ਨੀਤੀ ਨਹੀਂ ਬਣਾ ਸਕੀ। ਪੰਜਾਬ ਵਿੱਚ ਰੋਜਗਾਰ ਦੇ ਸਾਧਨ ਮੁਹੱਈਆ ਕਰਵਾਉਣ ਦੇ ਦਾਅਵੇ ਵੀ ਖੋਖਲੇ ਸਾਬਿਤ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਜਿਹੇ ਮੰਤਰੀ, ਵਿਧਾਇਕ ਜਾਂ ਚੇਅਰਮੈਨ ਦਾ ਇਸ਼ਤਿਹਾਰ ਲਗਾਉਣ ਜਿਸ ਦੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੋਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਖੁਦ ਦੇ ਬੱਚੇ ਤਾਂ ਵਿਦੇਸ਼ਾਂ ਵਿੱਚ ਬੈਠੇ ਹਨ।


ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਪਿਛੋਕੜ ਮਸ਼ਕਰੀਆਂ, ਮਜਾਕ ਅਤੇ ਟਿੱਚਰਬਾਜੀ ਵਾਲਾ ਰਿਹਾ ਹੈ, ਜਿਸ ਤੋਂ ਉਨ੍ਹਾਂ ਦਾ ਪਿੱਛਾ ਨਹੀਂ ਛੁਟ ਰਿਹਾ। ਉਨ੍ਹਾਂ ਕਿਹਾ ਮਹਿਜ਼ ਕਾਗਜ਼ੀ ਦਾਅਵੇ ਕਰਨ ਨਾਲੋਂ ਹਕੀਕਤ ਵਿੱਚ ਕੰਮ ਕੀਤਾ ਜਾਵੇ, ਜਿਸ ਵਿੱਚ ਹੀ ਸੂਬੇ ਦੀ ਭਲਾਈ ਹੈ। ਉਨ੍ਹਾਂ ਕਿਹਾ ਕਿ ਆਪ ਦੇ ਵਿਧਾਇਕਾਂ ਵੱਲੋਂ ਕੀਤੇ ਜਾਂਦੇ ਹੋਛੇ ਕਾਰਨਾਮਿਆਂ ਨਾਲ ਸਰਕਾਰ ਨਾਲ ਦੀ ਕਿਰਕਿਰੀ ਹੋ ਰਹੀ ਹੈ, ਜਿਸ ਨੂੰ ਠੱਲ੍ਹ ਪਾਉਣ ਦੀ ਜਰੂਰਤ ਹੈ।