Panchyat Election: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਇਸ ਵੇਲੇ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਇਸ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਵਿੱਚ ਪੂਰੀ ਤਰ੍ਹਾਂ ਨਾਲ ਮੈਦਾਨ ਭਖਿਆ ਹੋਇਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪਿੰਡ ਪਹੁੰਚੇ ਤੇ ਪਿੰਡ ਵਾਲਿਆਂ ਨਾਲ ਰਾਬਤਾ ਕੀਤਾ।
ਦੱਸ ਦਈਏ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਦੀ ਸਰਪੰਚੀ ਇਸ ਵਾਰ ਜਨਰਲ ਵਰਗ ਵਾਸਤੇ ਰਾਖਵੀਂ ਹੈ। ਪਿੰਡ ਸਤੌਜ ਵਿੱਚ ਮੌਜੂਦਾ ਚੋਣਾਂ ਨੂੰ ਲੈ ਕੇ ਸਰਬਸੰਮਤੀ ਵਾਲਾ ਮਾਹੌਲ ਬਣ ਰਿਹਾ ਹੈ ਅਤੇ ਪਿੰਡ ਦਾ ਦੋ ਵਾਰ ਇਕੱਠ ਵੀ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਪਿੰਡ ਸਤੌਜ ਵਿਚ ਲੰਮੇ ਅਰਸੇ ਤੋਂ ਪੰਚਾਇਤ ਸਰਬਸੰਮਤੀ ਨਾਲ ਨਹੀਂ ਬਣੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੱਜ ਆਪਣੀ ਜਨਮਭੂਮੀ ਪਿੰਡ ਸਤੌਜ ਦੀ ਸੱਥ 'ਚ ਪਹੁੰਚ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ, ਪੰਚਾਇਤੀ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ, ਪਿੰਡ ਦੇ ਬਜ਼ੁਰਗਾਂ ਤੇ ਮਾਵਾਂ-ਭੈਣਾਂ ਤੋਂ ਖ਼ੂਬ ਅਸੀਸਾਂ ਮਿਲੀਆਂ ਤੇ ਪੁਰਾਣੇ ਸਾਥੀਆਂ ਨਾਲ ਬੈਠਕੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ, ਇਸ ਦੇ ਨਾਲ ਹੀ ਪਿੰਡ ਵਾਸੀਆਂ ਨੂੰ ਚੰਗੇ ਬੰਦਿਆ ਦੀ ਚੋਣ ਕਰਨ ਦੀ ਅਪੀਲ ਕੀਤੀ, ਤਾਂ ਜੋ ਪਿੰਡ ਦਾ ਉੱਚ ਪੱਧਰੀ ਵਿਕਾਸ ਹੋ ਸਕੇ, ਅਸੀਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਸਰਬ ਸੰਮਤੀ ਨਾਲ ਪੰਚਾਇਤਾਂ ਚੁਣ ਕੇ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਕਰਨ।
ਜ਼ਿਕਰ ਕਰ ਦਈਏ ਕਿ ਪੰਜਾਬ ਦੇ ਹੁਣ ਤੱਕ ਜਿੰਨੇ ਵੀ ਮੁੱਖ ਮੰਤਰੀ ਰਹੇ ਹਨ, ਉਹ ਆਪਣੇ ਜੱਦੀ ਪਿੰਡਾਂ ਨੂੰ ਸਿਆਸੀ ਤੌਰ ’ਤੇ ਇੱਕੋ ਧਾਗੇ ਵਿਚ ਨਹੀਂ ਬੰਨ੍ਹ ਸਕੇ। ਇਨ੍ਹਾਂ ਸਿਆਸੀ ਹਸਤੀਆਂ ਦੇ ਪਿੰਡ ਧੜੇਬੰਦੀ ਦਾ ਸ਼ਿਕਾਰ ਰਹੇ ਅਤੇ ਪੰਚਾਇਤਾਂ ਚੋਣਾਂ ਵੇਲੇ ਸਰਬਸੰਮਤੀ ਵਾਲਾ ਮਾਹੌਲ ਕਦੇ ਨਹੀਂ ਬਣ ਸਕਿਆ। ਪੰਜਾਬ ਸਰਕਾਰ ਨੇ ਐਤਕੀਂ ਪੰਜ ਸਾਬਕਾ ਮੁੱਖ ਮੰਤਰੀਆਂ ਦੇ ਪਿੰਡਾਂ ਨੂੰ ਐੱਸਸੀ ਵਰਗ ਲਈ ਰਾਖਵਾਂ ਕਰ ਦਿੱਤਾ ਹੈ ਜਦਕਿ ਦੋ ਸਾਬਕਾ ਮੁੱਖ ਮੰਤਰੀਆਂ ਦੇ ਪਿੰਡ ਜਨਰਲ ਔਰਤਾਂ ਲਈ ਰਾਖਵੇਂ ਹਨ।