Sangrur News: ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਰੰਗਲਾ ਪੰਜਾਬ ਬਣਾਉਣ ਦਾ ਸੁਫਨਾ ਲੈਣ ਵਾਲੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ ਕਿਉਂਕਿ ਦੋ ਸਾਲਾਂ ਵਿੱਚ ਹੀ ‘ਆਪ’ ਸਰਕਾਰ ਨੇ 60 ਹਜ਼ਾਰ ਕਰੋੜ ਦਾ ਨਵਾਂ ਕਰਜ਼ਾ ਪੰਜਾਬ ਸਿਰ ਚੜ੍ਹਾ ਦਿੱਤਾ ਹੈ ਜਿਸ ਦਾ ਇਕੱਲਾ ਵਿਆਜ 31 ਹਜ਼ਾਰ 153 ਕਰੋੜ ਰੁਪਏ ਹਰ ਸਾਲ ਪੰਜਾਬੀਆਂ ਦੇ ਸਿਰ ਵਾਧੂ ਪਵੇਗਾ। 


ਖਹਿਰਾ ਨੇ ਕਿਹਾ ਕਿ ਬੀਤੇ ਦਿਨ ਇੱਕ ਅੰਗਰੇਜ਼ੀ ਅਖ਼ਬਾਰ ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਆਪ ਸਰਕਾਰ ਨੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ 2500 ਕਰੋੜ ਰੁਪਏ ਹੋਰ ਨਵਾਂ ਕਰਜ਼ਾ ਚੁੱਕਿਆ ਕਿਉਂਕਿ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਜੋਗਾ ਪੈਸਾ ਵੀ ਨਹੀਂ ਜਦੋਂਕਿ ਪੰਜਾਬ ਦੇ ਮੁੱਖ ਮੰਤਰੀ ਸਮੇਤ ਮੰਤਰੀਆਂ ਦੀ ਸੁਰੱਖਿਆ ’ਤੇ ਕਰੋੜਾਂ ਰੁਪਏ ਦਾ ਖਰਚ ਹੋ ਰਿਹਾ ਹੈ।


ਖਹਿਰਾ ਨੇ ਭਗਵੰਤ ਮਾਨ ਸਮੇਤ ਪੰਜਾਬ ਵਿੱਚ ਵਿੱਚ ਚੋਣ ਲੜ ਰਹੇ 13 ਉਮੀਦਵਾਰਾਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਸੁਰੱਖਿਆ ਤੋਂ ਬਿਨਾਂ ਇੱਕ ਦਿਨ ਵੀ ਪੰਜਾਬ ਦੇ ਕਿਸੇ ਵੀ ਹਲਕੇ ਵਿੱਚ ਚੋਣ ਪ੍ਰਚਾਰ ਕਰਕੇ ਦਿਖਾਉਣ ਤਾਂ ਉਨ੍ਹਾਂ ਨੂੰ ਪੰਜਾਬ ਦੀ ਅਸਲ ਸਥਿਤੀ ਦਾ ਪਤਾ ਲੱਗ ਜਾਵੇਗਾ। 



ਉਨ੍ਹਾਂ ਕਿਹਾ,‘ਭਗਵੰਤ ਮਾਨ ਜਦੋਂ ਗੁਜਰਾਤ ਗਿਆ ਤਾਂ ਉੱਥੇ ਜਾ ਕੇ ਲੋਕਾਂ ਅੱਗੇ ਅੱਥਰੂ ਕੇਰੇ ਕਿ ਅਰਵਿੰਦ ਕੇਜਰੀਵਾਲ ਨਾਲ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ ਪਰ ਮੈਂ ਭਗਵੰਤ ਮਾਨ ਨੂੰ ਸਵਾਲ ਕਰਨਾ ਚਾਹੁੰਦਾ ਹੈ ਕਿ ਹੰਝੂ ਉਸ ਸਮੇਂ ਕਿਊਕਿ ਨਹੀਂ ਡਿੱਗੇ ਜਦੋਂ ਮਾਪਿਆਂ ਦਾ ਇਕੱਲਾ ਪੁੱਤ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ, ਕਿਸਾਨੀ ਧਰਨੇ ਵਿੱਚ ਪੁਲਿਸ ਨੇ ਸ਼ੁਭਕਰਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਸੰਗਰੂਰ ਜ਼ਿਲ੍ਹੇ ਦੇ ਤਿੰਨ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 25 ਲੋਕ ਮਰ ਗਏ ਸੀ, ਉਦੋਂ ਮੁੱਖ ਮੰਤਰੀ ਦੀਆਂ ਅੱਖਾਂ ਚੋਂ ਹੰਝੂ ਕਿਉਂ ਨਹੀਂ ਆਏ। 


ਉਨ੍ਹਾਂ ਆਖਿਆ ਕਿ ਉਹ ਸਮੇਂ-ਸਮੇਂ ’ਤੇ ਪੰਜਾਬ ਦੇ ਹਰੇਕ ਵਰਗ ਦੇ ਲੋਕਾਂ ਨਾਲ ਹਮੇਸ਼ਾਂ ਖੜ੍ਹਿਆ ਹੈ, ਚਾਹੇ ਉਹ ਸਿੱਧੂ ਮੂਸੇਵਾਲਾ ਦਾ ਕਤਲ ਦਾ ਮਾਮਲਾ ਹੋਵੇ, ਮੱਤੇਵਾੜਾ ਦੇ ਜੰਗਲਾਂ ਨੁੰ ਬਚਾਉਣ ਦਾ ਸੰਘਰਸ਼ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਇਨਸਾਫ਼ ਮਾਰਚ ਹੋਵੇ ਜਾਂ ਕਿਸਾਨਾਂ ਨੌਜਵਾਨ ਸ਼ੁਭਕਰਨ ਦੀ ਮੌਤ ਦਾ ਮਸਲਾ ਹੋਵੇ।