Sangrur News : ਈਟੀਟੀ ਟੈੱਟ ਪਾਸ 2364, 6635, 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ 9 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕੀਤਾ ਜਾਂਦਾ ਹੈ ਕਿਉੰਕਿ ਕੱਲ ਸੰਗਰੂਰ ਪ੍ਰਸਾਸ਼ਨ ਵੱਲੋਂ 11 ਅਪ੍ਰੈਲ ਨੂੰ ਸਿੱਖਿਆ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਫਿਕਸ ਕਰਵਾ ਦਿੱਤੀ ਹੈ।



ਪੰਜਾਬ ਸਰਕਾਰ ਤੋਂ ਮੰਗ ਹੈ ਕਿ ਉਹ ਈਟੀਟੀ ਬੇਰੁਜ਼ਗਾਰ ਅਧਿਆਪਕਾਂ ਦੇ ਮਸਲੇ ਜਲਦੀ ਹੱਲ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਵੱਡੇ ਸੰਘਰਸ਼ ਉਲੀਕੇ ਜਾਣਗੇ। ਸਭ ਤੋਂ ਪਹਿਲਾਂ ਈਟੀਟੀ 2364 ਭਰਤੀ ਤੇ ਚੱਲ ਰਹੇ ਕੋਰਟ ਕੇਸ ਦੀ ਸਹੀ ਢੰਗ ਨਾਲ ਪੈਰਵੀ ਕੀਤੀ ਜਾਵੇ ਤਾਂ ਜੋ ਆਉਣ ਵਾਲੀ 29 ਅਪ੍ਰੈਲ ਤਾਰੀਖ਼ ਤੇ ਭਰਤੀ ਨੂੰ ਪਹਿਲ ਦੇ ਆਧਾਰ ਤੇ ਬਹਾਲ ਕਰਵਾਇਆ ਜਾਵੇ ਤਾਂ ਜੋ ਸਾਲ 2020 ਤੋਂ ਆਪਣੀ ਨੌਕਰੀ ਦੀ ਭਾਲ ਕਰ ਰਹੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਉਹ ਵੀ ਜਲਦ ਸਕੂਲਾਂ ਵਿਚ ਜਾ ਕੇ ਬੱਚਿਆ ਨੂੰ ਪੜ੍ਹਾ ਸਕਣ।

ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਈਟੀਟੀ 5994 ਭਰਤੀ ਦਾ ਨਤੀਜਾ ਜਲਦ ਜਾਰੀ ਕੀਤੀ ਜਾਵੇ ਅਤੇ ਇਸ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ, 5994 ਭਰਤੀ ਦੀ ਪਹਿਲੀ ਮੈਰਿਟ ਸੂਚੀ ਸਾਬਕਾ-ਸੈਨਿਕਾਂ ਅਤੇ ਖਿਡਾਰੀਆਂ ਦੀਆਂ ਬਚਦੀਆਂ ਅਸਾਮੀਆਂ ਨੂੰ ਡੀਰਿਜ਼ਰਵ ਕਰਕੇ ਨਿਯੁਕਤੀ ਪੱਤਰ ਦਿੱਤੇ ਜਾਣ ਤਾਂ ਈਟੀਟੀ ਉਮੀਦਵਾਰਾਂ ਨੂੰ ਲੰਬਾ ਸਮਾਂ ਇੰਤਜ਼ਾਰ ਨਾ ਕਰਨਾ ਪਵੇ। ਇਸ ਭਰਤੀ ਤੇ ਪੋਸਟਾਂ ਦੀ ਵੰਡ ਕਰਕੇ ਲੱਗੀ ਹੋਈ ਸਟੇਅ ਨੂੰ ਜਲਦ ਖ਼ਤਮ ਕਰਵਾਇਆ ਜਾਵੇ।

 

ਇਹ ਵੀ ਪੜ੍ਹੋ : ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, 7.30 ਤੋਂ 2 ਵਜੇ ਤੱਕ ਖੁੱਲ੍ਹਣਗੇ ਦਫ਼ਤਰ

ਉਨ੍ਹਾਂ ਕਿਹਾ ਈਟੀਟੀ ਅਧਿਆਪਕਾਂ ਦੀਆਂ ਸਾਰੀਆਂ ਭਰਤੀਆਂ ਨੂੰ ਪਹਿਲ ਦੇ ਆਧਾਰ ਤੇ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਬੇਰੁਜ਼ਗਾਰ ਅਧਿਆਪਕਾਂ ਨੂੰ ਜਲਦ ਰੁਜ਼ਗਾਰ ਮਿਲ ਸਕੇ। ਈਟੀਟੀ 6635 ਭਰਤੀ ਦੀਆਂ ਰਹਿੰਦੀਆ 1600 ਦੇ ਕਰੀਬ ਸਾਰੀਆਂ ਪੋਸਟਾਂ ਨੂੰ ਜਲਦ ਦੂਜੀ ਲਿਸਟ ਜਾਰੀ ਕਰਕੇ ਭਰਿਆ ਜਾਵੇ ਕਿਉਂਕਿ ਬਹੁਤ ਸਾਰੇ ਬੇਰੁਜ਼ਗਾਰ ਅਧਿਆਪਕ ਆਪਣੀ ਸਕਰੂਟਨੀ ਕਰਵਾ ਚੁੱਕੇ ਹਨ। ਜਲਦ ਉਹਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣ ਤਾਂ ਜੋ ਵੱਧ ਤੋਂ ਵੱਧ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਮਿਲ ਸਕੇ।

 

ਇਹ ਵੀ ਪੜ੍ਹੋ : ਮੋਗਾ ਦੇ ਬੁੱਕਣਵਾਲਾ ਰੋਡ 'ਤੇ ਗੁੰਡਾਗਰਦੀ ਦਾ ਨੰਗਾ ਨਾਚ , ਘਟਨਾ CCTV 'ਚ ਹੋਈ ਕੈਦ

ਈਟੀਟੀ ਟੈੱਟ ਪਾਸ 2364, 6635, 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਦੇ ਮਸਲੇ ਜਲਦ ਹੱਲ ਨਹੀਂ ਕਰਦੀ ਤਾਂ ਜਲੰਧਰ ਵਿਚ ਹੋਣ ਵਾਲੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ ਅਤੇ ਜਲੰਧਰ ਹਲਕੇ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਜੱਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਗੁਰਸਿਮਰਤ ਮਾਲੇਰਕੋਟਲਾ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕਰਦੇ ਹਾਂ ਕਿ ਉਹ ਜਲਦ ਈਟੀਟੀ 2364 ਅਧਿਆਪਕਾਂ ਦੀਆਂ ਭਰਤੀ ਨੂੰ ਆਉਣ ਵਾਲੀ 29 ਅਪ੍ਰੈਲ ਵਾਲੀ ਤਾਰੀਖ਼ ਨੂੰ ਅਤੇ 5994 ਭਰਤੀ ਲਈ 10 ਜੁਲਾਈ ਏ.ਜੀ ਪੰਜਾਬ ਨੂੰ ਭੇਜ ਕੇ ਹਰ ਹਾਲਤ ਵਿੱਚ ਇਸ ਭਰਤੀ ਨੂੰ ਬਹਾਲ ਕਰਵਾਉਣ ਜੇਕਰ ਪੰਜਾਬ ਸਰਕਾਰ ਕਿਸੇ ਪ੍ਰਕਾਰ ਦੀ ਕੋਈ ਢਿੱਲ ਕਰਦੀ ਹੈ ਤਾਂ ਈਟੀਟੀ ਬੇਰੁਜ਼ਗਾਰ ਅਧਿਆਪਕ ਇਕ ਵਾਰ ਫਿਰ ਤੋਂ ਆਪਣੇ ਸੰਘਰਸ਼ ਦੇ ਮੈਦਾਨ ਵਿਚ ਆਉਣ ਲਈ ਮਜ਼ਬੂਰ ਹੋਣਗੇ ਫਿਰ ਪੰਜਾਬ ਸਰਕਾਰ ਲਈ ਉਹਨਾਂ ਦੇ ਸੰਘਰਸ਼ ਨੂੰ ਰੋਕਣਾ ਮੁਸ਼ਕਿਲ ਹੋ ਜਾਵੇਗਾ।

ਇਸ ਲਈ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਉਹ ਬੇਰੁਜ਼ਗਾਰ ਅਧਿਆਪਕਾਂ ਨੂੰ ਧਰਨੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਨਾ ਕਰੇ ਅਤੇ ਜਲਦ ਸਾਡੀਆਂ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ।ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਹੈ ਕਿ ਉਹ ਈਟੀਟੀ ਦੀਆਂ ਸਾਰੀਆਂ ਭਰਤੀਆਂ ਨੂੰ ਜਲਦ ਪੂਰਾ ਕਰੇ ਤਾਂ ਜੋ ਉਹਨਾਂ ਵੱਲੋਂ ਵੋਟਾਂ ਵੇਲੇ ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤਾ ਹੋਇਆ ਵਾਅਦਾ ਜਲਦ ਪੂਰਾ ਹੋ ਸਕੇ।