Punjab News: ਸੰਗਰੂਰ ਜ਼ਿਲ੍ਹੇ ਦੇ ਸੁਨਾਮ ਕਸਬੇ ਦੇ ਇੱਕ ਬਾਜ਼ਾਰ ਵਿੱਚ ਸੋਮਵਾਰ ਨੂੰ ਦਿਨ ਦਿਹਾੜੇ ਇੱਕ ਵਿਅਕਤੀ ਨੇ ਆਪਣੀ ਪਤਨੀ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਬਾਅਦ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੋਵਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇੰਟਰਨੈੱਟ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਵੇਖਿਆ ਜਾ ਰਿਹਾ ਹੈ ਕਿ ਭੀੜ ਦੋਸ਼ੀ ਨੂੰ ਫੜਨ ਲਈ ਇੱਟਾਂ ਅਤੇ ਪਾਣੀ ਦੀਆਂ ਬਾਲਟੀਆਂ ਨਾਲ ਪਥਰਾਅ ਕਰ ਰਹੀ ਹੈ, ਜਦਕਿ ਉਸ ਦੀ ਪਤਨੀ ਸੜਕ 'ਤੇ ਬੇਹੋਸ਼ ਪਈ ਹੈ।



ਦੋਸ਼ੀ ਪਤੀ ਨੇ ਖਾਦਾ ਜ਼ਹਿਰ 



ਖਬਰਾਂ ਮੁਤਾਬਕ ਅਪਰਾਧ ਤੋਂ ਬਾਅਦ ਵਿਅਕਤੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਗੁਰਦਿਆਲ ਸਿੰਘ ਦਾ ਆਪਣੀ ਪਤਨੀ ਰਾਜਵਿੰਦਰ ਕੌਰ ਨਾਲ ਲੜਾਈ-ਝਗੜਾ ਚੱਲ ਰਿਹਾ ਸੀ। ਸਵੇਰੇ ਜਦੋਂ ਉਹ ਆਪਣੇ ਪੇਕੇ ਘਰ ਤੋਂ ਕੰਮ ’ਤੇ ਜਾ ਰਹੀ ਸੀ ਤਾਂ ਉਸ ਦੇ ਪਤੀ ਨੇ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਜਦੋਂ ਰਾਹਗੀਰਾਂ ਨੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰ ਨੇ ਉਨ੍ਹਾਂ 'ਤੇ ਹਥਿਆਰ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਲੋਕਾਂ ਨੇ ਵਿਅਕਤੀ 'ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।




ਪਤੀ-ਪਤਨੀ ਦੇ ਵਿਚਾਲੇ ਚੱਲ ਰਿਹੈ ਤਲਾਕ ਦਾ ਕੇਸ 



ਮਾਮਲੇ ਸਬੰਧੀ ਐੱਸਐੱਚਓ ਦੀਪਇੰਦਰ ਸਿੰਘ ਦਾ ਕਹਿਣਾ ਹੈ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕੀਤੀ। ਪਤੀ-ਪਤਨੀ ਵਿਚਾਲੇ ਤਲਾਕ ਦਾ ਮਾਮਲਾ ਕਈ ਸਾਲਾਂ ਤੋਂ ਅਦਾਲਤ 'ਚ ਚੱਲ ਰਿਹਾ ਹੈ। ਪਤੀ-ਪਤਨੀ ਲੰਬੇ ਸਮੇਂ ਤੋਂ ਇਕ-ਦੂਜੇ ਤੋਂ ਵੱਖ ਰਹਿ ਰਹੇ ਸਨ। ਸਰੇਵੇ ਜਦੋਂ ਉਸ ਦੀ ਪਤਨੀ ਕੰਮ 'ਤੇ ਜਾ ਰਹੀ ਸੀ ਤਾਂ ਇਸ ਦੌਰਾਨ ਪਤੀ ਨੇ ਉਸ 'ਤੇ ਅਚਾਨਕ ਹਮਲਾ ਕਰ ਦਿੱਤਾ ਤੇ ਖ਼ੁਦ ਵੀ ਜ਼ਹਿਰ ਖਾ ਲਿਆ। ਪਤੀ-ਪਤਨੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਪਟਿਆਲਾ ਰੈਫਰ ਕਰ ਦਿੱਤਾ।