Sangrur News: ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਜ਼ਾਦੀ ਘੁਲਾਟੀਆਂ ਦੇ ਵਾਰਿਸ ਖੁਸ਼ ਨਹੀਂ ਹਨ। ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਉੱਪਰ ਉਨ੍ਹਾਂ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਇਆ ਹੈ। ਇਸ ਲਈ ਸੋਮਵਾਰ ਨੂੰ ਸੂਬੇ ਭਰ ਤੋਂ ਸੰਗਰੂਰ ਪਹੁੰਚੇ ਆਜ਼ਾਦੀ ਘੁਲਾਟੀਆਂ ਦੇ ਵਾਰਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਘੇਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਫੀ ਤਣਾਅ ਵਾਲਾ ਮਾਹੌਲ ਬਣਿਆ ਰਿਹਾ।



ਦੱਸ ਦਈਏ ਕਿ ਸੋਮਵਾਰ ਨੂੰ ਫਰੀਡਮ ਫਾਈਟਰ ਉੱਤਰਾਅਧਿਕਾਰੀ ਜਥੇਬੰਦੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਪੁੱਜੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲੋਂ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਪੰਜਾਬ ਸਰਕਾਰ ’ਤੇ ਮੰਗਾਂ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਇਆ ਤੇ ਤੁਰੰਤ ਹੱਲ ਕਰਨ ਦੀ ਮੰਗ ਕੀਤੀ।


ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਤੇ ਸੂਬਾ ਜਨਰਲ ਸਕੱਤਰ ਮੇਜਰ ਸਿੰਘ ਬਰਨਾਲਾ ਦੀ ਅਗਵਾਈ ਹੇਠ ਆਜ਼ਾਦੀ ਘੁਲਾਟੀਆਂ ਦੇ ਵਾਰਸ ਰੋਸ ਮਾਰਚ ਕਰਦਿਆਂ ਜਿਉਂ ਹੀ ਮੁੱਖ ਮੰਤਰੀ ਦੀ ਕੋਠੀ ਵੱਲ ਵਧੇ ਤਾਂ ਸਖਤ ਨਾਕੇਬੰਦੀ ਕਰਕੇ ਵੱਡੀ ਤਾਦਾਦ ’ਚ ਤਾਇਨਾਤ ਪੁਲਿਸ ਵੱਲੋਂ ਅੱਗੇ ਕਲੋਨੀ ਦੇ ਮੁੱਖ ਗੇਟ ਅੱਗੇ ਰੋਕ ਲਿਆ। ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਵੱਲੋਂ ਸੜਕ ਉੱਪਰ ਹੀ ਰੋਸ ਧਰਨਾ ਲਾ ਦਿੱਤਾ ਗਿਆ।


ਇਸ ਮੌਕੇ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਸ ਕਾਰਨ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ’ਚ ਭਾਰੀ ਰੋਸ ਹੈ। ਬੁਲਾਰਿਆਂ ਮੰਗ ਕੀਤੀ ਕਿ ਫਰੀਡਮ ਫਾਈਟਰਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਕੱਢੀਆਂ ਪਟਵਾਰੀ, ਬਿਜਲੀ ਬੋਰਡ, ਆਂਗਣਵਾੜੀ ਤੇ ਨਗਰ ਨਿਗਮ ਦੀਆਂ ਅਸਾਮੀਆਂ ਵਿੱਚ 5 ਫੀਸਦੀ ਕੋਟਾ ਲਾਗੂ ਕੀਤਾ ਜਾਵੇ, ਫਰੀਡਮ ਫਾਈਟਰ ਪਰਿਵਾਰਾਂ ਦੇ ਬੱਚਿਆਂ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿੱਤੀ ਜਾਵੇ, ਤਾਮਿਲਨਾਡੂ ਸਰਕਾਰ ਦੀ ਤਰਜ਼ ’ਤੇ ਫਰੀਡਮ ਫਾਈਟਰਾਂ ਦੇ ਵਾਰਸਾਂ ਨੂੰ ਵੀ ਯੋਗ ਪੈਨਸ਼ਨ ਕੀਤੀ ਜਾਵੇ।


ਧਰਨੇ ਦੌਰਾਨ ਬੁਲਾਰਿਆਂ ਨੇ ਐਲਾਨ ਕੀਤਾ ਕਿ ਜੇਕਰ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਨਾ ਕਰਵਾਈ ਤਾਂ ਉਹ ਬੈਰੀਕੇਡ ਤੋੜ ਕੇ ਅੱਗੇ ਵਧਣਗੇ। ਇਸ ਦੌਰਾਨ ਐਸਪੀ ਡੀ ਪਲਵਿੰਦਰ ਸਿੰਘ ਚੀਮਾਂ ਵੱਲੋਂ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਤੇ 11 ਅਗਸਤ ਨੂੰ ਮੁੱਖ ਮੰਤਰੀ ਤੇ ਪ੍ਰਿੰਸੀਪਲ ਸਕੱਤਰ ਨਾਲ ਜਥੇਬੰਦੀ ਦੇ ਪੰਜ ਮੈਂਬਰੀ ਵਫ਼ਦ ਦੀ ਮੀਟਿੰਗ ਨਿਸ਼ਚਿਤ ਕਰਵਾਈ। ਪ੍ਰਸ਼ਾਸਨ ਵੱਲੋਂ ਬਕਾਇਦਾ ਪੱਤਰ ਵੀ ਸੌਂਪਿਆ ਗਿਆ ਜਿਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ।