Punjab News: ਸੰਗਰੂਰ ਦੇ ਪਿੰਡ ਮੰਗਵਾਲ ਦੀ ਪੰਚਾਇਤ ਦਾ ਇੱਕ ਫਰਮਾਨ ਸਾਹਮਣੇ ਆਇਆ ਹੈ। ਇਸ ਵਿੱਚ ਪਿੰਡ ਦੀ ਪੰਚਾਇਤ ਨੇ ਕਿਸਾਨ ਜਥੇਬੰਦੀਆਂ ਪਿੰਡ ਦੇ ਸਪੋਰਟਸ ਕਲੱਬ ਨੂੰ ਮਨਾਲ ਲੈ ਕੇ ਇੱਕ ਤਜਵੀਜ਼ ਪੇਸ਼ ਕੀਤੀ ਹੈ ਜਿਸ ਵਿੱਚ ਨਸ਼ਾ ਤਸਕਰਾਂ ਤੇ ਗੁੰਡਗਰਦੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਗੱਲ ਕਹੀ ਗਈ ਹੈ।


ਮੂੰਹ ਕਾਲ਼ਾ ਕਰਕੇ ਪਿੰਡ ਵਿੱਚ ਘੁੰਮਾਇਆ ਜਾਵੇਗਾ


ਇਸ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਜੇ ਕੋਈ ਪਿੰਡ ਵਿੱਚ ਨਸ਼ਾ ਵੇਚਦਾ ਹੈ ਜਾਂ ਕੋਈ ਬਾਹਰੋਂ ਪਿੰਡ ਆ ਕੇ ਗੁੰਡਾਗਰਦੀ ਕਰਦਾ ਹੈ ਜਾਂ ਲੁੱਟ-ਖੋਹ ਕਰਦਾ ਹੈ ਤੇ ਪਿੰਡ 'ਚ ਉਹ ਫੜਿਆ ਗਿਆ, ਅਸੀਂ ਉਸ ਦੇ ਖ਼ਿਲਾਫ਼ ਕਾਰਵਾਈ ਕਰਾਂਗੇ, ਉਸਦਾ ਮੂੰਹ ਕਾਲਾ ਕੀਤਾ ਜਾਵੇਗਾ ਅਤੇ ਪਿੰਡ 'ਚ ਘੁੰਮਾਇਆ ਜਾਵੇਗਾ।ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਨੂੰ ਭਾਵੇ ਪਿੰਡ ਦੇ ਸੁਧਾਰ ਲਈ ਲਿਆ ਗਿਆ ਫ਼ੈਸਲਾ ਕਹਿ ਲਓ ਜਾਂ ਫਿਰ ਤੁਗ਼ਲਕੀ ਫਰਮਾਨ, ਪਰ ਇਹ ਪਿੰਡ ਦੇ ਸੁਧਾਰ ਲਈ ਜ਼ਰੂਰੀ ਫ਼ੈਸਲਾ ਹੈ।


ਪਿੰਡ ਦਾ ਕਈ ਵਾਰ ਹੋ ਚੁੱਕਿਆ ਨੁਕਸਾਨ


ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਸਮੁੱਚੇ ਪਿੰਡ ਦੀ ਪੰਚਾਇਤ ਅਤੇ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਅਹਿਮ ਫੈਸਲਾ ਲਿਆ ਹੈ ਕਿਉਂਕਿ ਉਨ੍ਹਾਂ ਦੇ ਪਿੰਡ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਇਸ ਵਿੱਚ ਦੂਜੇ ਪਿੰਡਾਂ ਤੋਂ ਮੁੰਡੇ ਆ ਕੇ ਗੁੰਡਾਗਰਦੀ ਕਰਦੇ ਹਨ ਤੇ ਪਿੰਡ ਵਿੱਚ ਨਸ਼ੇ ਦੀ ਮਾਤਰਾ ਵੀ ਵਧ ਗਈ ਹੈ ਇਸ ਲਈ ਇਹ ਤਜਵੀਜ਼ ਰੱਖ ਗਈ ਹੈ।
ਇਸ ਦੌਰਾਨ ਪਿੰਡ ਦੇ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਗੁੰਡਗਰਦੀ ਹੁੰਦੀ ਹੈ ਬਾਹਰੋਂ ਮੁੰਡੇ ਹਥਿਆਰ ਲੈ ਕੇ ਆਉਂਦੇ ਨੇ ਇਸ ਨਾਲ ਕਈ ਵਾਰ ਉਨ੍ਹਾਂ ਦੇ ਪਿੰਡ ਦਾ ਨੁਕਸਾਨ ਹੋਇਆ ਹੈ।


ਮੂੰਹ ਕਾਲ਼ਾ ਕਰਨਾ ਕਾਨੂੰਨ ਦੇ ਖ਼ਿਲਾਫ਼


ਇਸ ਤਜਵੀਜ਼ ਸਬੰਧੀ ਜਦੋਂ ਸੰਗਰੂਰ ਦੇ ਐਸਐਸਪੀ ਸੁਰਿੰਦਰ ਲਾਂਬਾ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਪਿੰਡਾਂ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਤਜਵੀਜ਼ਾਂ ਪਾ ਰਹੀਆਂ ਹਨ ਜੋ ਕਿ ਕਾਨੂੰਨ ਦੇ ਹਿਸਾਬ ਨਾਲ ਸਹੀ ਹੈ ਪਰ ਕਿਸੇ ਦਾ ਮੂੰਹ ਕਾਲਾ ਕਰਕੇ ਘੁੰਮਾਉਣ ਕਾਨੂੰਨ ਅੰਦਰ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ  ਜੇਕਰ ਕੋਈ ਪਿੰਡ ਵਿੱਚ ਚੋਰੀ ਕਰਦਾ ਫੜਿਆ ਜਾਂਦਾ ਹੈ, ਕੋਈ ਗੁੰਡਾਗਰਦੀ ਕਰਦਾ ਹੈ ਜਾਂ ਕੋਈ ਨਸ਼ਾ ਵੇਚਦਾ ਹੈ ਤਾਂ ਪਿੰਡ ਦੀ ਪੰਚਾਇਤ ਸਾਨੂੰ ਦੱਸ ਦੇਵੇ, ਅਸੀਂ ਉਨ੍ਹਾਂ ਦਾ ਪੂਰਾ ਸਹਿਯੋਗ ਕਰਾਂਗੇ।