Sangrur News: ਪੰਜਾਬ ਵਿੱਚ ਪਰਾਲੀ ਸਾੜਨ ਦੇ ਵੱਧ ਰਹੇ ਮਾਮਲਿਆਂ ਅਤੇ ਸਰਕਾਰ ਵੱਲੋਂ ਸਬਸਿਡੀ ’ਤੇ ਦਿੱਤੀਆਂ ਜਾ ਰਹੀਆਂ ਮਸ਼ੀਨਾਂ ਕਿਸਾਨਾਂ ਨੂੰ ਮਿਲਦੀਆਂ ਹਨ ਜਾਂ ਨਹੀਂ ? ਇਸ ਸਬੰਧੀ ਕੇਂਦਰ ਸਰਕਾਰ ਨੇ ਕਈ ਟੀਮਾਂ ਪੰਜਾਬ ਵਿੱਚ ਭੇਜੀਆਂ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਆਖ਼ਰ ਪੰਜਾਬ ਵਿੱਚ ਪਰਾਲੀ ਨੂੰ ਕਿਉਂ ਅੱਗ ਲਾਈ ਜਾ ਰਹੀ ਹੈ।


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਗ੍ਰਹਿ ਜ਼ਿਲ੍ਹਾ ਸੰਗਰੂਰ ਵਿਖੇ ਕੇਂਦਰੀ ਟੀਮ ਦੇ ਅਧਿਕਾਰੀ ਡਾ.ਬੀ.ਐਨ.ਕਾਲੇ ਵਧੀਕ ਕਮਿਸ਼ਨਰ ਖੇਤੀਬਾੜੀ ਮੰਤਰਾਲੇ ਨੇ ਦੋ ਦਿਨ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਕੇ ਕਿਸਾਨਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਕਿ ਪਰਾਲੀ ਨੂੰ ਅੱਗ ਕਿਉਂ ਲਾਈ ਜਾ ਰਹੀ ਹੈ ਤੇ ਸਰਕਾਰ ਜੋਂ ਸਬਸਿਡੀ ਉੱਤੇ ਮਸ਼ੀਨਾਂ ਦੇਣ ਦਾ ਦਾਅਵਾ ਕਰ ਰਹੀ ਹੈ ਕਿ ਉਹ ਕਿਸਾਨਾਂ ਕੋਲ ਹਨ ਜਾਂ ਨਹੀਂ ?


ਇਸ ਸਬੰਧੀ ਖੇਤੀਬਾੜੀ ਮੰਤਰਾਲੇ ਦੇ ਵਧੀਕ ਕਮਿਸ਼ਨਰ ਡਾ.ਬੀ.ਐਨ.ਕਲੇ ਨੇ ਕਿਹਾ ਕਿ 2018 ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨਾਲ ਮਿਲ ਕੇ ਖੇਤਾਂ ਵਿੱਚ ਸਾੜੀ ਜਾ ਰਹੀ ਪਰਾਲੀ ਨੂੰ ਰੋਣ ਲਈ ਸਬਸਿਡੀ ਵਿੱਚ ਮਸ਼ੀਨਾਂ ਦੇਣ ਦੀ ਯੋਜਨਾ ਬਣਾਈ ਗਈ ਸੀ ਪਰ ਫਿਰ ਵੀ ਖੇਤਾਂ ਵਿੱਚ ਲਗਾਤਾਰ ਪਰਾਲੀ ਸਾੜੀ ਜਾ ਰਹੀ ਹੈ। ਇਸ ਲਈ ਕੇਂਦਰ ਸਰਕਾਰ ਨੇ 17 ਟੀਮਾਂ ਇਸ ਦੀ ਜਾਂਚ ਲਈ ਪੰਜਾਬ ਭੇਜੀਆਂ ਹਨ ਜਿਸ ਤਹਿਤ ਉਹ ਸੰਗਰੂਰ ਵਿੱਚ ਜਾਂਚ ਕਰਨ ਲਈ ਆਈਆਂ ਹਨ।


ਜ਼ਿਕਰ ਕਰ ਦਈਏ ਸੰਗਰੂਰ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਕਿਸਾਨਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਸਬਸਿਡੀ ਵਾਲੀਆਂ ਮਸ਼ੀਨਾਂ ਮਿਲੀਆਂ ਗਈਆਂ ਹਨ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਬਾਇਓਗੈਂਸ ਬਣਾਉਣ ਵਾਲੀ ਕੰਪਨੀ ਨੂੰ ਵੀ ਪਰਾਲੀ ਦਿੱਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਪਰਾਲੀ ਨੂੰ ਸਾੜਿਆ ਜਾ ਰਿਹਾ ਹੈ। 


ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਕੁਝ ਲੋਕ ਨਾੜ ਨੂੰ ਅੱਗ ਲਾ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਕੁਝ ਕਿਸਾਨਾਂ ਦੇ ਮਨਾਂ ਵਿੱਚ ਖਦਸ਼ਾ ਹੈ ਕਿ ਸਿੱਧੀ ਬਿਜਾਈ ਕਰਕੇ ਕਣਕ ਦੀ ਫਸਲ ਵਧੀਆ ਨਹੀਂ ਹੋਵੇਗੀ। ਇਸ ਲਈ ਉਹ ਪਰਾਲੀ ਨੂੰ ਅੱਗ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਉਹ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਬਿਲਕੁਲ ਖਤਮ ਕਰ ਦੇਣਗੇ। ਇਸ ਮੌਕੇ ਕੇਂਦਰ ਸਰਕਾਰ ਵੱਲੋਂ ਆਈ ਟੀਮ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਸੁਪਰ ਸੀਡਰ ਦੀ ਮਸ਼ੀਨ ਵਰਤੀ ਜਾ ਰਹੀ ਹੈ ਜਿਸ ਉੱਤੇ ਸਰਕਾਰ ਸਬਸਿਡੀ ਦੇ ਰਹੀ ਹੈ।


ਗ਼ੌਰ ਕਰਨ ਵਾਲੀ ਗੱਲ ਹੈ ਕਿ ਸੰਗਰੂਰ ਪੰਜਾਬ ਭਰ ਵਿੱਚੋਂ ਜ਼ਿਆਦਾ ਅਨਾਜ ਪੈਦਾ ਕਰਨ ਵਾਲੇ ਜ਼ਿਲ੍ਹਿਆਂ ਚੋਂ ਪਹਿਲੇ ਨੰਬਰ ਉੱਤੇ ਹੈ ਪਰ ਪਰਾਲੀ ਸਾੜਨ ਦੇ ਮਾਮਲੇ ਵੀ ਸਭ ਤੋਂ ਜ਼ਿਆਜਾ ਸੰਗਰੂਰ ਤੋਂ ਹੀ ਆਏ ਹਨ। ਜ਼ਿਕਰ ਕਰ ਦਈਏ ਕਿ ਸੰਗਰੂਰ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਬਦਲੇ 14 ਲੱਖ ਤੋਂ ਜ਼ਿਆਦਾ ਦਾ ਜੁਰਮਾਨਾ ਕੀਤਾ ਗਿਆ ਹੈ ਤੇ ਕਈ ਕਿਸਾਨਾਂ ਉੱਤੇ ਮਾਮਲੇ ਵੀ ਦਰਜ ਕੀਤੇ ਗਏ ਹਨ।


ਰਿਪੋਰਟਰ-ਅਨਿਲ ਜੈਨ (ਸੰਗਰੂਰ)