Punjab News: ਪੰਜਾਬ ਵਿੱਚ ਵੀਰਵਾਰ ਨੂੰ ਪਰਾਲੀ ਸਾੜਨ ਦੇ 1150 ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਅਜਿਹੇ ਮਾਮਲਿਆਂ ਦੀ ਕੁੱਲ ਗਿਣਤੀ 33,802 ਹੋ ਗਈ ਹੈ। ਗੁਆਂਢੀ ਰਾਜਾਂ ਹਰਿਆਣਾ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਵਾ ਦੀ ਗੁਣਵੱਤਾ 'ਬਹੁਤ ਮਾੜੀ' ਅਤੇ 'ਮਾੜੀ' ਦਰਜ ਕੀਤੀ ਗਈ ਸੀ। ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਨੇ ਸੂਬਾ ਸਰਕਾਰ ਦੀ ਅਪੀਲ ਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰਦਿਆਂ ਪਰਾਲੀ ਨੂੰ ਸਾੜਨਾ ਜਾਰੀ ਰੱਖਿਆ ਹੋਇਆ ਹੈ।


 ਮੋਗਾ ਵਿੱਚ ਹੋਈਆਂ ਪਰਾਲੀ ਸਾੜਨ ਦੀਆਂ ਸਭ ਤੋਂ ਵੱਧ ਘਟਨਾਵਾਂ


ਜ਼ਿਕਰ ਕਰ ਦਈਏ ਕਿ ਸ਼ੁੱਕਰਵਾਰ ਨੂੰ ਮੋਗਾ ਵਿੱਚ ਪਰਾਲੀ ਸਾੜਨ ਦੀਆਂ ਸਭ ਤੋਂ ਵੱਧ 1150 ਘਟਨਾਵਾਂ ਦਰਜ ਕੀਤੀਆਂ ਗਈਆਂ। ਪਰਾਲੀ ਸਾੜਨ ਦੇ 225 ਮਾਮਲੇ ਮੋਗਾ 'ਚ, 117 ਬਰਨਾਲਾ, 114 ਫ਼ਿਰੋਜ਼ਪੁਰ, 110 ਸੰਗਰੂਰ, 110 ਬਠਿੰਡਾ, 109 ਅਤੇ ਫ਼ਰੀਦਕੋਟ 'ਚ 101 ਮਾਮਲੇ ਦਰਜ ਕੀਤੇ ਗਏ ਹਨ। ਸ਼ੁੱਕਰਵਾਰ ਨੂੰ ਹੀ, ਰਾਜ ਵਿੱਚ 2021 ਅਤੇ 2022 ਵਿੱਚ ਕ੍ਰਮਵਾਰ ਪਰਾਲੀ ਸਾੜਨ ਦੇ 523 ਅਤੇ 966 ਮਾਮਲੇ ਦਰਜ ਕੀਤੇ ਗਏ ਸਨ।


ਪਰਾਲੀ ਸਾੜਨ ਦੇ ਮਾਮਲੇ 33 ਹਜ਼ਾਰ ਤੋਂ ਪਾਰ


ਗ਼ੌਰ ਕਰਨ ਵਾਲੀ ਗੱਲ ਹੈ ਕਿ ਪੰਜਾਬ ਵਿੱਚ 15 ਸਤੰਬਰ ਤੋਂ 17 ਨਵੰਬਰ ਤੱਕ ਪਰਾਲੀ ਸਾੜਨ ਦੇ ਕੁੱਲ 33,082 ਮਾਮਲਿਆਂ ਵਿੱਚੋਂ ਸੰਗਰੂਰ ਵਿੱਚ ਸਭ ਤੋਂ ਵੱਧ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਪਰਾਲੀ ਸਾੜਨ ਦੇ 5462 ਮਾਮਲੇ ਸੰਗਰੂਰ ਵਿੱਚ, 2998 ਫ਼ਿਰੋਜ਼ਪੁਰ, 2696 ਬਠਿੰਡਾ, 2194 ਮਾਨਸਾ, 2170 ਮੋਗਾ ਅਤੇ 2112 ਬਰਨਾਲਾ ਵਿੱਚ ਦਰਜ ਕੀਤੇ ਗਏ ਹਨ। 2021 ਅਤੇ 2022 ਵਿੱਚ ਇਸੇ ਸਮੇਂ ਦੌਰਾਨ, ਰਾਜ ਵਿੱਚ ਪਰਾਲੀ ਸਾੜਨ ਦੇ ਕ੍ਰਮਵਾਰ 69,300 ਅਤੇ 47,788 ਮਾਮਲੇ ਸਾਹਮਣੇ ਆਏ ਸਨ। ਅਕਤੂਬਰ ਅਤੇ ਨਵੰਬਰ ਵਿੱਚ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਪੱਧਰ ਵਿੱਚ ਚਿੰਤਾਜਨਕ ਵਾਧਾ ਹੋਣ ਪਿੱਛੇ ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ।


ਹਰਿਆਣਾ-ਪੰਜਾਬ ਵਿੱਚ AQI ਕੀ ਸੀ?


ਇਸ ਦੌਰਾਨ, ਹਰਿਆਣਾ ਦੇ ਫਤਿਹਾਬਾਦ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 409 ਦਰਜ ਕੀਤਾ ਗਿਆ ਜਦੋਂ ਕਿ ਫਰੀਦਾਬਾਦ ਵਿੱਚ 371, ਭਿਵਾਨੀ ਵਿੱਚ 362, ਹਿਸਾਰ ਵਿੱਚ 357, ਸੋਨੀਪਤ ਵਿੱਚ 351, ਗੁਰੂਗ੍ਰਾਮ ਵਿੱਚ 341, ਰੋਹਤਕ ਵਿੱਚ 311 ਅਤੇ ਨਾਰਨੌਲ ਵਿੱਚ 301 ਦਰਜ ਕੀਤਾ ਗਿਆ। ਪੰਜਾਬ ਵਿੱਚ, ਮੰਡੀ ਗੋਬਿੰਦਗੜ੍ਹ ਵਿੱਚ AQI 239, ਜਲੰਧਰ ਵਿੱਚ 222, ਲੁਧਿਆਣਾ ਵਿੱਚ 208, ਰੂਪਨਗਰ ਵਿੱਚ 197, ਅੰਮ੍ਰਿਤਸਰ ਵਿੱਚ 188, ਪਟਿਆਲਾ ਵਿੱਚ 172 ਅਤੇ ਖੰਨਾ ਵਿੱਚ 141 ਸੀ। ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ AQI 132 ਸੀ।