Sangrur News: ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬੁੱਧਵਾਰ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ 20 ਏਕੜ ਵਿੱਚ ਪੀਆਰ 126 ਤੇ ਬਾਸਮਤੀ 1509 ਦੀ ਪਨੀਰੀ ਬੀਜਣ ਦੀ ਸ਼ੁਰੂਆਤ ਵੀ ਕਰਵਾਈ ਤੇ ਪੀਆਰ 126 ਕਿਸਮ ਦੀ ਪਨੀਰੀ ਦੀ ਬਿਜਾਈ ਤੋਂ ਲੈ ਕੇ ਮੁਫ਼ਤ ਬੀਜ ਵੰਡਣ ਦੀ ਪ੍ਰਕਿਰਿਆ ਦਾ ਖੁਦ ਪਹੁੰਚ ਕੇ ਜਾਇਜ਼ਾ ਲਿਆ। 


ਖੇਤੀਬਾੜੀ ਮੰਤਰੀ ਹੜ੍ਹਾਂ ਕਾਰਨ ਤਬਾਹ ਹੋਏ ਝੋਨੇ ਦੀ ਮੁੜ ਬਿਜਾਈ ਲਈ ਸੰਗਰੂਰ ਜ਼ਿਲ੍ਹੇ ਵਿੱਚ ਪਨੀਰੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੇ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਕਰੀਬਨ 2.5 ਲੱਖ ਏਕੜ ਰਕਬੇ ਉੱਪਰ ਮੁੜ ਝੋਨੇ ਦੀ ਫ਼ਸਲ ਦੀ ਬਿਜਾਈ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਵਰਗੀ ਕੁਦਰਤੀ ਆਫ਼ਤ ਦੀ ਔਖੀ ਘੜ੍ਹੀ ਵਿੱਚ ਪ੍ਰਭਾਵਿਤ ਲੋਕਾਂ ਨਾਲ ਡੱਟ ਕੇ ਖੜ੍ਹੀ ਹੈ ਤੇ ਕਿਸਾਨਾਂ ਦੀ ਸਹਾਇਤਾ ਲਈ ਪਨੀਰੀ ਦਾ ਪ੍ਰਬੰਧ ਕਰਨ ਤੋਂ ਲੈ ਕੇ ਮੁੜ ਵਸੇਬੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। 


ਖੁੱਡੀਆਂ ਨੇ ਕਿਹਾ ਕਿ ਰਾਜ ਦੇ ਜਿਹੜੇ ਜ਼ਿਲ੍ਹਿਆਂ ਵਿੱਚ ਹੜ੍ਹ ਨਹੀਂ ਆਏ, ਉੱਥੇ ਵੱਸਦੇ ਲੋਕ ਦੁੱਖ ਦੀ ਇਸ ਘੜੀ ਵਿੱਚ ਭਾਈਚਾਰਕ ਸਾਂਝ ਦੀ ਮਿਸਾਲ ਪੈਦਾ ਕਰਦਿਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਪਹੁੰਚਾਉਣ ’ਚ ਜੁਟੇ ਹੋਏ ਹਨ ਜਿਸ ਲਈ ਉਹ ਸਮੂਹ ਪੰਜਾਬੀਆਂ ਦੇ ਰਿਣੀ ਹਨ।


ਕੈਬਨਿਟ ਮੰਤਰੀ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਹੱਈਆ ਕਰਵਾਉਣ ਲਈ ਪਨੀਰੀ ਦੀ ਬਿਜਾਈ ਤੋਂ ਲੈ ਕੇ ਬੀਜ ਮੁਫ਼ਤ ਵੰਡਣ ਤੱਕ ਹਰ ਲੋੜੀਂਦਾ ਯਤਨ ਕੀਤਾ ਜਾ ਰਿਹਾ ਹੈ। ਪੀਆਰ 126 ਤੇ ਬਾਸਮਤੀ 1509 ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹਨ ਤੇ ਯੂਨੀਵਰਸਿਟੀ ਦੇ ਮਾਹਿਰਾਂ ਮੁਤਾਬਕ ਇਨ੍ਹਾਂ ਕਿਸਮਾਂ ਦੀ ਬਿਜਾਈ 15 ਅਗਸਤ ਤੱਕ ਕੀਤੀ ਜਾ ਸਕਦੀ ਹੈ। 


ਉਨ੍ਹਾਂ ਕਿਹਾ ਕਿ ਤਕਰੀਬਨ 2.5 ਲੱਖ ਏਕੜ ਰਕਬੇ ਉੱਪਰ ਮੁੜ ਝੋਨੇ ਦੀ ਫ਼ਸਲ ਦੀ ਬਿਜਾਈ ਦਾ ਟੀਚਾ ਮਿੱਥਿਆ ਹੈ। ਨੁਕਸਾਨ ਇਸ ਤੋਂ ਵੀ ਵੱਧ ਹੋਣ ਦਾ ਖ਼ਦਸ਼ਾ ਹੈ ਤੇ ਬਾਰਸ਼ਾਂ ਦਾ ਸਮਾਂ ਹੋਣ ਤੇ ਖੇਤ ਸਮੇਂ ਸਿਰ ਬੱਤ ਨਾ ਆਉਣ ਕਾਰਨ ਪੂਰੇ ਦੇ ਪੂਰੇ ਰਕਬੇ ਉੱਪਰ ਮੁੜ ਬਿਜਾਈ ਨਹੀਂ ਕੀਤੀ ਜਾ ਸਕਦੀ।