Sangrur News: ਬਰਨਾਲਾ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਹੋਇਆ ਹੈ। ਇਸ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਲੁਧਿਆਣਾ-ਬਰਨਾਲਾ ਰਾਜ ਮਾਰਗ 'ਤੇ ਵਾਪਰਿਆ ਹੈ। ਮਾਰੇ ਗਏ ਚਾਰੇ ਲੋਕ ਹਰਿਆਣਾ ਦੇ ਹਿਸਾਰ ਸ਼ਹਿਰ ਦੇ ਰਹਿਣ ਵਾਲੇ ਸਨ। ਉਹ ਨਕੋਦਰ ਸਥਿਤ ਡੇਰਾ ਬਾਬਾ ਮੁਰਾਦ ਸ਼ਾਹ ਦੀ ਦਰਗਾਹ 'ਤੇ ਮੱਥਾ ਟੇਕਣ ਜਾ ਰਹੇ ਸਨ। 


ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪਹੁੰਚਾਇਆ। ਬਰਨਾਲਾ ਜ਼ਿਲ੍ਹੇ ਦੇ ਥਾਣਾ ਠੁੱਲੀਵਾਲ ਦੇ ਐਸਐਚਓ ਬਲਦੇਵ ਸਿੰਘ ਨੇ ਦੱਸਿਆ ਕਿ ਸਵੇਰੇ 5 ਵਜੇ ਬਰਨਾਲਾ ਤੋਂ ਲੁਧਿਆਣਾ ਵੱਲ ਜਾ ਰਹੀ ਇੱਕ ਚਿੱਟੇ ਰੰਗ ਦੀ ਕਾਰ (ਐਚਆਰ-86-3358) ਹਾਈਵੇਅ ’ਤੇ ਜਾ ਰਹੀ ਇੱਟਾਂ ਨਾਲ ਭਰੀ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਵਿਕਾਸ ਸੋਨੀ, ਅੰਮ੍ਰਿਤਪਾਲ, ਸੋਨੂੰ ਤੇ 14 ਸਾਲਾ ਅੰਕਿਤ ਵਜੋਂ ਹੋਈ ਹੈ।


ਮਾਰੇ ਗਏ ਚਾਰੇ ਹਰਿਆਣਾ ਦੇ ਹਿਸਾਰ ਸ਼ਹਿਰ ਦੇ 12 ਕੁਆਰਟਰ ਰੋਡ ਤੇ ਪਟੇਲ ਨਗਰ ਦੇ ਰਹਿਣ ਵਾਲੇ ਸਨ। ਮਰਨ ਵਾਲਿਆਂ ਵਿੱਚ ਵਿਕਾਸ ਸੋਨੀ ਤੇ ਅੰਮ੍ਰਿਤਪਾਲ ਜੀਜਾ-ਸਾਲਾ ਸਨ ਜਦਕਿ ਬਾਕੀ ਦੋ ਉਨ੍ਹਾਂ ਦੇ ਗੁਆਂਢੀ ਸਨ। ਦੱਸਿਆ ਜਾ ਰਿਹਾ ਹੈ ਕਿ ਅੰਕਿਤ ਤੇ ਸੋਨੂੰ ਆਪਣੇ ਪਰਿਵਾਰ 'ਚ ਇਕੱਲੇ ਸਨ। ਪੁਲਿਸ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਚਾਰੇ ਲਾਸ਼ਾਂ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ 'ਚ ਰਖਵਾਇਆ।


ਪੁਲਿਸ ਨੇ ਹਿਸਾਰ ਵਿੱਚ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੇ ਬਰਨਾਲਾ ਪੁੱਜਣ ਤੋਂ ਬਾਅਦ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਹਾਦਸੇ 'ਚ ਜਾਨ ਗਵਾਉਣ ਵਾਲਾ ਵਿਕਾਸ ਸੋਨੀ ਹਿਸਾਰ 'ਚ ਡੇਅਰੀ ਚਲਾਉਂਦਾ ਸੀ। ਜਲੰਧਰ ਜ਼ਿਲ੍ਹੇ ਦੇ ਨਕੋਦਰ ਵਿਖੇ ਸਥਿਤ ਡੇਰਾ ਬਾਬਾ ਮੁਰਾਦ ਸ਼ਾਹ ਦੀ ਦਰਗਾਹ ਵਿੱਚ ਉਨ੍ਹਾਂ ਦੀ ਬਹੁਤ ਆਸਥਾ ਸੀ। ਉਹ ਹਰ ਮਹੀਨੇ ਮੱਥਾ ਟੇਕਣ ਲਈ ਉੱਥੇ ਜਾਂਦਾ ਸੀ। ਦੋ ਦਿਨ ਪਹਿਲਾਂ ਵੀ ਵਿਕਾਸ ਆਪਣੇ ਦੋ ਬੱਚਿਆਂ ਤੇ ਪਤਨੀ ਨਾਲ ਨਕੋਦਰ ਗਿਆ ਸੀ।