Sangrur News: ਦਿੜ੍ਹਬਾ ਦੀ ਸ਼ੇਰੇ ਪੰਜਾਬ ਮਾਰਕੀਟ ਅੰਦਰ ਯਸਟ ਬਰੈਂਡ ਨਾਮ ਹੇਠ ਰੇਡੀਮੇਡ ਕੱਪੜੇ ਦੀ ਦੁਕਾਨ 'ਚ ਸਵੇਰ ਵੇਲੇ 3 ਵਿਅਕਤੀਆਂ ਵੱਲੋਂ ਦੁਕਾਨ ਦੇ ਸ਼ਟਰ ਦਾ ਜਿੰਦਾ ਤੋੜਕੇ ਲੱਖਾਂ ਰੁਪਏ ਦੇ ਕੱਪੜੇ ਲੈ ਕੇ ਫ਼ਰਾਰ ਹੋ ਗਏ। ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਇਸ ਬਾਬਤ ਦੁਕਾਨ ਮਾਲਕ ਰਵੀ ਨੇ ਕਿਹਾ ਕਿ ਮੇਰੀ ਦੁਕਾਨ 'ਤੇ ਤਕਰੀਬਨ ਸਵੇਰੇ 4 ਵਜੇ ਚੋਰੀ ਹੋਣ ਦਾ ਪਤਾ ਲੱਗਿਆ ਤਾਂ ਆ ਕੇ ਦੇਖਿਆ ਗਿਆ ਤਾਂ ਦੁਕਾਨ ਦਾ ਅੱਧਾ ਸ਼ਟਰ ਖੁੱਲ੍ਹਾ ਸੀ ਤੇ ਜਿੰਦੇ ਟੁੱਟੇ ਪਏ ਸਨ ਤੇ ਦੁਕਾਨ ਦਾ ਸਾਰਾ ਸਮਾਨ ਚੋਰੀ ਸੀ। ਇਸ ਤੋਂ ਬਾਅਦ ਇਸ ਚੋਰੀ ਦੀ ਵਾਰਦਾਤ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।
ਇਸ ਘਟਨਾ ਬਾਰੇ ਘਟਨਾ ਦਾ ਪਤਾ ਲੱਗਦੇ ਹੀ ਸ਼ਹਿਰ ਵਾਸੀਆਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਅਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੰਗ ਕੀਤੀ ਕਿ ਸ਼ਹਿਰ ਅੰਦਰ ਹਰ ਆਏ ਦਿਨ ਚੋਰੀ, ਲੁੱਟ ਖੋਹ, ਅਤੇ ਕਤਲ ਵਰਗੀਆਂ ਘਟਨਾਵਾਂ ਵਾਪਰ ਰਹੀਆ ਹਨ ਪਰ ਪੁਲਿਸ ਮਹਿਕਮਾ ਕੋਈ ਅਹਿਮ ਕਦਮ ਨਹੀਂ ਚੁੱਕ ਰਿਹਾ। ਇਸ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਜਰੂਰਤ ਹੈ।
ਉਧਰ ਜਦੋਂ ਚੌਂਕੀਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਇੱਕ ਵੱਡੀ ਗੱਡੀ ਇਸ ਦੁਕਾਨ ਮੂਹਰੇ ਖੜੀ ਸੀ ਜਦੋਂ ਮੈਂ ਪੁਛਿਆ ਕਿ ਇਹ ਕਿਸ ਦਾ ਮਾਲ ਗੱਡੀ ਵਿੱਚ ਰੱਖ ਰਹੇ ਹੋ ਤਾਂ ਉਨ੍ਹਾਂ ਨੇ ਮੈਨੂੰ ਧਮਕਾਇਆ ਤੇ ਰੌਲਾ ਨਾ ਪਾਉਣ ਦੀ ਧਮਕੀ ਦਿੱਤੀ।
ਦੂਜੇ ਪਾਸੇ ਜਾਂਚ ਕਰਨ ਪਹੁੰਚੇ ਥਾਣੇਦਾਰ ਬਿੱਕਰ ਸਿੰਘ ਨੇ ਕਿਹਾ ਕਿ ਮਾਲਕ ਦਾ ਬਿਆਨ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ ਤੇ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫ਼ਕਾਰ ਕੀਤਾ ਜਾਵੇਗਾ।
ਇਸ ਘਟਨਾ ਬਾਰੇ ਜਦੋਂ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੀ ਐਸਐਸਪੀ ਸੰਗਰੂਰ ਨਾਲ ਇਹਨਾਂ ਹੋ ਰਹੀਆਂ ਘਟਨਾਵਾਂ ਬਾਰੇ ਗੱਲ ਹੋ ਗਈ ਹੈ ਉਹ ਜਲਦ ਕਾਰਵਾਈ ਕਰਕੇ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰਨਗੇ ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਗ਼ਲਤ ਅਨਸਰ ਨੂੰ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ