Sangrur News: 8736 ਕੱਚੇ ਮੁਲਾਜ਼ਮ ਯੂਨੀਅਨ ਦੀ ਅਗਵਾਈ ਹੇਠ ਅਧਿਆਪਕਾਂ ਵੱਲੋਂ ਕੌਮੀ ਸ਼ਾਹਰਾਹ ’ਤੇ ਸਥਿਤ ਸੰਗਰੂਰ ਨੇੜਲੇ ਪਿੰਡ ਖੁਰਾਣਾ ਵਿੱਚ ਪਾਣੀ ਵਾਲੀ ਟੈਂਕੀ ਉਪਰ ਤੇ ਹੇਠਾਂ ਚੱਲ ਰਹੇ ਸੰਘਰਸ਼ ਨੂੰ ਤਿੰਨ ਮਹੀਨੇ ਪੂਰੇ ਹੋ ਗਏ ਹਨ। ਪਿਛਲੇ 90 ਦਿਨਾਂ ਤੋਂ ਜ਼ਿਲ੍ਹਾ ਮਾਨਸਾ ਦਾ ਇੰਦਰਜੀਤ ਸਿੰਘ ਜਿੱਥੇ ਪਾਣੀ ਵਾਲੀ ਟੈਂਕੀ ਉੱਪਰ ਡਟਿਆ ਹੋਇਆ ਹੈ, ਉਥੇ ਟੈਂਕੀ ਹੇਠਾਂ ਅਧਿਆਪਕਾਂ ਦਾ ਪੱਕਾ ਮੋਰਚਾ ਵੀ ਜਾਰੀ ਹੈ।


ਸੰਘਰਸ਼ਕਾਰੀ ਅਧਿਆਪਕ ਮੰਗ ਕਰ ਰਹੇ ਹਨ ਕਿ ਪੰਜਾਬ ਸਰਕਾਰ 10 ਸਾਲਾ ਪਾਲਿਸੀ ਤਹਿਤ ਸੀਐਸਆਰ ਰੂਲ ਲਾਗੂ ਕਰਨ ਤੇ ਬਾਕੀ ਸਾਰੇ ਲਾਭ ਅਤੇ ਭੱਤਿਆਂ ਸਮੇਤ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ। ਐਤਵਾਰ ਨੂੰ 90ਵੇਂ ਦਿਨ ਜ਼ਿਲ੍ਹਾ ਮੁਕਤਸਰ ਦੇ ਅਧਿਆਪਕਾਂ ਨੇ ਪੱਕੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ। ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਿੰਦਰ ਸਿੰਘ ਸੋਹੀ ਨੇ ਕਿਹਾ ਕਿ ਪਿਛਲੇ 90 ਦਿਨਾਂ ਤੋਂ ਸਾਥੀ ਅਧਿਆਪਕ ਇੰਦਰਜੀਤ ਸਿੰਘ ਖੁਰਾਣਾ ਵਿੱਚ ਪਾਣੀ ਵਾਲੀ ਟੈਂਕੀ ਉਪਰ ਡਟਿਆ ਹੋਇਆ ਹੈ।


ਉਨ੍ਹਾਂ ਕਿਹਾ ਕਿ ਤਪਦੀਆਂ ਧੁੱਪਾਂ, ਕਹਿਰ ਦੀ ਗਰਮੀ ਤੇ ਮੀਂਹ-ਹਨੇਰੀਆਂ ਦਾ ਮੌਸਮ ਇੰਦਰਜੀਤ ਸਿੰਘ ਨੇ ਟੈਂਕੀ ਉਪਰ ਰਹਿ ਕੇ ਹੀ ਬਿਤਾਇਆ ਹੈ ਪਰ ਸਰਕਾਰ ਵੱਲੋਂ ਇੰਦਰਜੀਤ ਦੇ ਸੰਘਰਸ਼ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਅਧਿਆਪਕ ਵੀ ਟੈਂਕੀ ਹੇਠਾਂ ਪੱਕੇ ਮੋਰਚੇ ’ਤੇ ਲਗਾਤਾਰ ਸ਼ਮੂਲੀਅਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਜਿਸ ਕਾਰਨ ਅਧਿਆਪਕਾਂ ਵਿਚ ਰੋਸ ਹੈ।


ਇਹ ਵੀ ਪੜ੍ਹੋ: Patiala News: ਪਿਆਕੜਾਂ ਨੂੰ ਮੁੜ ਝਟਕਾ! ਠੇਕੇਦਾਰਾਂ ਨੇ ਚੁੱਪ-ਚੁਪੀਤੇ ਵਧਾਏ ਸ਼ਰਾਬ ਦੇ ਰੇਟ


ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਸਮਾਂ ਦੇ ਕੇ ਮੀਟਿੰਗ ਕਰਨ ਤੋਂ ਵੀ ਭੱਜ ਰਹੀ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ 14 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਹੋਣ ਵਾਲੀ ਮੀਟਿੰਗ ਜਾਣ ਬੁੱਝ ਕੇ ਅੱਗੇ ਪਾਈ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਦੀਆਂ ਰੈਲੀਆਂ ਭੰਗ ਕੀਤੀਆਂ ਜਾਣਗੀਆਂ ਤੇ ਮੰਤਰੀਆਂ ਨੂੰ ਸਟੇਜਾਂ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ।


ਇਹ ਵੀ ਪੜ੍ਹੋ: Amritsar News: ਗੁਰੂ ਘਰ ਵੀ ਗੁੱਸੇ ਤੇ ਹੰਕਾਰ ਨਾਲ ਭਰੇ ਆਉਂਦੇ ਲੋਕ! ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾਦਾਰ 'ਤੇ ਸ਼ਰਧਾਲੂ ਨੇ ਤਾਣੀ ਪਿਸਤੌਲ