Sangrur News: ਬੇਮੌਸਮੀ ਬਾਰਸ਼ ਤੇ ਗੜ੍ਹੇਮਾਰੀ ਨੇ ਕਣਕ ਦੀ ਫਸਲ ਤਬਾਹ ਕਰ ਦਿੱਤੀ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਹਰਿਆਊ ਤੇ ਡਸਕਾ ਵਿੱਚ ਗੜ੍ਹੇਮਾਰੀ ਤੇ ਤੇਜ਼ ਬਾਰਸ਼ ਨੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਇਨ੍ਹਾਂ ਪਿੰਡਾਂ ਦੀ ਕਰੀਬ ਚਾਰ ਹਜ਼ਾਰ ਏਕੜ ਕਣਕ ਦੀ ਫਸਲ ਗੜ੍ਹੇਮਾਰੀ  ਕਾਰਨ ਤਬਾਹ ਹੋਣ ਦੀ ਸੰਭਾਵਨਾ ਹੈ।


ਪਿੰਡ ਹਰਿਆਊ ਤੇ ਡਸਕਾ ਦੇ ਕਿਸਾਨਾਂ ਨੇ ਦੱਸਿਆ ਕਿ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਬਿਲਕੁਲ ਬਰਬਾਦ ਹੋ ਗਈ ਹੈ ਤੇ ਸੌ ਫੀਸਦੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਸੌ ਫੀਸਦੀ ਨੁਕਸਾਨ ਬਦਲੇ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੇ ਐਲਾਨ ਨੂੰ ਕਿਸਾਨਾਂ ਨਾਲ ਮਜ਼ਾਕ ਕਰਾਰ ਦਿੱਤਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।


ਇਸ ਦੌਰਾਨ ਐਸਡੀਐਮ ਲਹਿਰਾਗਾਗਾ, ਤਹਿਸੀਲਦਾਰ, ਕਾਨੂੰਗੋ ਤੇ ਪਟਵਾਰੀ ਆਦਿ ਸਰਕਾਰੀ ਨੁਮਾਇੰਦਿਆਂ ਵੱਲੋਂ ਪਿੰਡ ਡਸਕਾ ਵਿੱਚ ਗੜ੍ਹੇਮਾਰੀ ਨਾਲ ਕਣਕ ਦੀ ਫਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਤੇ ਕਿਸਾਨਾਂ ਨੂੰ ਜਲਦ ਮੁਆਵਜ਼ੇ ਦਾ ਭਰੋਸਾ ਦਿਵਾਇਆ।


ਇਸ ਸਬੰਧ ਵਿਚ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਚਹਿਲ ਨੇ ਦੱਸਿਆ ਕਿ ਗੜ੍ਹੇਮਾਰੀ ਕਾਰਨ ਤਿੰਨ ਪਿੰਡਾਂ ਹਰਿਆਊ, ਡਸਕਾ ਤੇ ਗਿਦੜਿਆਣੀ ’ਚ ਦੌਰਾ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਹੈ। ਕਣਕ ਦੀ ਫਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ। ਕਰੀਬ ਸਾਢੇ ਤਿੰਨ-ਚਾਰ ਹਜ਼ਾਰ ਏਕੜ ਵਿੱਚ ਘੱਟੋ-ਘੱਟ 33 ਤੋਂ 75 ਫ਼ੀਸਦੀ ਨੁਕਸਾਨ ਤਾਂ ਹੋਇਆ ਹੀ ਹੈ ਪਰ ਇਸ ਤੋਂ ਵੱਧ ਵੀ ਨੁਕਸਾਨ ਦੀ ਸੰਭਾਵਨਾ ਹੈ।


ਉਨ੍ਹਾਂ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਤੋਂ ਬਾਅਦ ਹੀ ਨੁਕਸਾਨ ਬਾਰੇ ਸਥਿਤੀ ਸਪੱਸ਼ਟ ਹੋਵੇਗੀ। ਉਨ੍ਹਾਂ ਕਿਹਾ ਕਿ ਤੇਜ਼ ਹਵਾਵਾਂ ਤੇ ਮੀਂਹ ਕਾਰਨ ਜ਼ਿਲ੍ਹੇ ਵਿਚ ਕਣਕ ਦੀ ਫ਼ਸਲ ਖੇਤਾਂ ਵਿੱਚ ਵਿਛ ਗਈ ਹੈ, ਜਿਸ ਕਾਰਨ ਕਣਕ ਦੇ ਝਾੜ ’ਤੇ ਅਸਰ ਪੈਣ ਦੀ ਸੰਭਾਵਨਾ ਹੈ।


ਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸੌਰ ਤੇ ਜਨਰਲ ਸਕੱਤਰ ਬਹਾਦਰ ਸਿੰਘ ਭੁਟਾਲ ਖੁਰਦ ਨੇ ਕਿਹਾ ਕਿ ਬੀਤੇ ਦਿਨੀਂ ਹਰਿਆਊ, ਡਸਕਾ, ਗੁਰਨੇ ਕਲਾਂ, ਗੁਰਨੇ ਖੁਰਦ, ਚੋਟੀਆਂ, ਸੰਗਤਪੁਰਾ, ਲਹਿਲ ਕਲਾ, ਗਿਦਰੜਿਆਣੀ ਆਦਿ ਬਾਲਾਕ ਲਹਿਰਾਗਾਗਾ ਦੇ ਸਾਰੇ ਪਿੰਡਾਂ ਵਿੱਚ ਭਾਰੀ ਮੀਂਹ ਤੇ ਗੜ੍ਹੇਮਾਰੀ ਨਾਲ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਅਤੇ ਸਬਜ਼ੀਆਂ ਲਗਪਗ 100 ਫ਼ੀਸਦ ਬਰਬਾਦ ਹੋ ਚੁੱਕੀਆਂ ਹਨ।


ਇਹ ਵੀ ਪੜ੍ਹੋ: Punjab News: 'ਆਪ' ਦੇ ਇੱਕ ਹੋਰ ਵਿਧਾਇਕ ਨੇ ਕਰਵਾਇਆ ਵਿਆਹ, ਕੁਫਰੀ 'ਚ ਕੀਤਾ ਵਿਆਹ ਸਮਾਗਮ


ਉਨ੍ਹਾਂ ਕਿਹਾ ਕਿ ਬੇਜ਼ਮੀਨੇ ਤੇ ਥੁੜਜ਼ਮੀਨੇ ਕਿਸਾਨਾਂ ਨੇ 70-75 ਹਜ਼ਾਰ ਪ੍ਰਤੀ ਏਕੜ ਠੇਕੇ ’ਤੇ ਲੈ ਕੇ ਫਸਲਾਂ ਨੂੰ ਪੁੱਤਾਂ ਵਾਂਗ ਪਾਲਿਆ, ਜੋ ਵੱਢਣ ਕਿਨਾਰੇ ਸਨ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਖਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਪ੍ਰਤੀ ਏਕੜ ਘੱਟੋ-ਘੱਟ 50 ਤੋਂ 60 ਹਜ਼ਾਰ ਰੁਪਏ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ, ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਸੰਘਰਸ਼ ਵਿੱਢੇਗੀ।


ਇਹ ਵੀ ਪੜ੍ਹੋ: Ludhiana News: ਮਲਚਿੰਗ ਤਕਨੀਕ ਨਾਲ ਬੀਜੀ ਕਣਕ ਦਾ ਕਮਾਲ, ਮੀਂਹ, ਗੜ੍ਹੇਮਾਰੀ ਤੇ ਹਨ੍ਹੇਰੀ ਦੇ ਹਮਲੇ ਦਾ ਵੀ ਕੋਈ ਅਸਰ ਨਹੀਂ...