Ludhiana News: ਮੀਂਹ, ਗੜ੍ਹੇਮਾਰੀ ਤੇ ਹਨ੍ਹੇਰੀ ਦਾ ਮਲਚਿੰਗ ਤਕਨੀਕ ਨਾਲ ਬੀਜੀ ਕਣਕ ਉੱਪਰ ਬਹੁਤ ਘੱਟ ਅਸਰ ਹੋਇਆ ਹੈ। ਪੰਜਾਬ ਦਾ ਕਈ ਜ਼ਿਲ੍ਹਿਆਂ ਦਾ ਦੌਰਾ ਕਰਨ ਮਗਰੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪਾਇਆ ਹੈ ਕਿ ਮਲਚਿੰਗ ਤਕਨੀਕ ਨਾਲ ਬੀਜੀ ਕਣਕ ਮੀਂਹ-ਹਨ੍ਹੇਰੀ ਨਾਲ ਜ਼ਿਆਦਾ ਪ੍ਰਭਾਵਿਤ ਨਹੀਂ ਹੋਈ। ਮਲਚਿੰਗ ਤਕਨੀਕ ਤਹਿਤ ਪਰਾਲੀ ਨੂੰ ਬਾਰੀਕ ਕੁਤਰ ਕੇ ਜ਼ਮੀਨ ’ਤੇ ਖਿਲਾਰ ਕੇ ਕਣਕ ਬੀਜੀ ਜਾਂਦੀ ਹੈ।


ਦੱਸ ਦਈਏ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਵੀਰ ਸਿੰਘ ਗੋਸਲ ਤੇ ਹੋਰ ਖੇਤੀ ਵਿਗਿਆਨੀਆਂ ਤੇ ਮਾਹਰਾਂ ਨੇ ਮੋਗਾ ਜਿਲ੍ਹੇ ਦੇ ਪਿੰਡ ਸਲ੍ਹੀਣਾ ’ਚ ਕਣਕ ਦੇ ਖੇਤਾਂ ਦਾ ਨਿਰੀਖਣ ਕੀਤਾ। ਇੱਥੇ ਮਲਚਿੰਗ ਤਕਨੀਕ ਨਾਲ ਬੀਜੀ ਕਣਕ ਉੱਤੇ ਬੇਮੌਸਮੀ ਮੀਂਹ ਜਾਂ ਝੱਖੜ ਦਾ ਕੋਈ ਅਸਰ ਨਹੀਂ ਹੋਇਆ।


ਇਸ ਮੌਕੇ ਡਾ. ਗੋਸਲ ਨੇ ਅਗਾਂਹਵਧੂ ਕਿਸਾਨ ਤਰਸੇਮ ਸਿੰਘ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਉਹ ਸੂਬੇ ’ਚ 8 ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕੇ ਹਨ ਪਰ ਇਸ ਵਿਧੀ ਨਾਲ ਬੀਜੀ ਕਣਕ ਉੱਤੇ ਹਾਲ ਹੀ ਵਿੱਚ ਪਏ ਬੇਮੌਸਮੀ ਮੀਂਹ ਜਾਂ ਹਨੇਰੀ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਹੈ। ਇਹ ਤਕਨੀਕ ਕਿਸਾਨ, ਕੁਦਰਤ ਅਤੇ ਸਮਾਜ ਪੱਖੀ ਹੈ। ਇਸ ਵਿਧੀ ਨਾਲ ਕਣਕ ਦੀ ਬਿਜਾਈ ਕਰਨ ਦੇ ਕੁਦਰਤੀ ਤੌਰ ਉੱਤੇ ਕਈ ਫਾਇਦੇ ਹਨ ਜਿਨ੍ਹਾਂ ’ਚ ਪਰਾਲੀ ਨੂੰ ਅੱਗ ਨਾ ਲਾਉਣ ਦੀ ਸਮੱਸਿਆ ਦਾ 100 ਫੀਸਦੀ ਹੱਲ ਵੀ ਸ਼ਾਮਲ ਹੈ।


ਪੀਏਯੂ ਡਾਇਰੈਕਟਰ ਖੋਜ ਡਾ. ਅਜਮੇਰ ਸਿੰਘ ਨੇ ਦੱਸਿਆ ਕਿ ਪੀਏਯੂ ਵੱਲੋਂ ਇਸ ਤਕਨੀਕ ਨੂੰ ਹੋਰ ਸੁਖਾਲਾ ਕਰਨ ਲਈ ਆਧੁਨਿਕ ਸਰਫ਼ਿਸ ਸੀਡਰ ਮਸ਼ੀਨ ਤਿਆਰ ਕੀਤੀ ਗਈ ਹੈ। ਖੇਤੀ ਵਿਗਿਆਨੀ ਰਾਜ ਪੁਰਸਕਾਰ ਜੇਤੂ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਸ ਵਿਧੀ ਨਾਲ ਗੁੱਲੀ-ਡੰਡੇ ਦੀ ਮੁਕੰਮਲ ਰੋਕਥਾਮ ਹੋ ਸਕਦੀ ਹੈ ਤੇ ਇਹ ਵਿਧੀ ਪਾਣੀ ਦੀ ਬਚਤ ਵੀ ਕਰਦੀ ਹੈ।


ਇਹ ਵੀ ਪੜ੍ਹੋ:


ਉਨ੍ਹਾਂ ਕਿਹਾ ਕਿ ਕਿਸਾਨ ਨਵੀਆਂ ਤਕਨੀਕਾਂ ਅਪਣਾ ਕੇ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ। ਇਸ ਮੌਕੇ ਕਿਸਾਨ ਤਰਸੇਮ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਵੀ ਇਹ ਤਕਨੀਕ ਅਪਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਪੀਏਯੂ ਖੇਤੀਬਾੜੀ ਵਿੰਗ ਮੁਖੀ ਡਾ. ਮੱਖਣ ਸਿਘ ਭੁੱਲਰ, ਕ੍ਰਿਸ਼ੀ ਵਿਗਿਆਨ ਕੇਂਦਰ ਡਿਪਟੀ ਡਾਇਰੈਕਟਰ ਡਾ. ਅਮਨਦੀਪ ਸਿੰਘ ਬਰਾੜ, ਡਾ. ਜਸਵੀਰ ਸਿੰਘ ਗਿੱਲ, ਡਾ. ਧੰਨਵਿੰਦਰ ਸਿੰਘ, ਡਾ. ਮਨਪ੍ਰੀਤ ਸਿੰਘ ਜੈਦਕਾ ਹਾਜ਼ਰ ਸਨ।


ਇਹ ਵੀ ਪੜ੍ਹੋ: