Chandigarh News: ਪੰਚਕੂਲਾ ਸਥਿਤ ਆਈਟੀਬੀਪੀ ਦੇ ਟ੍ਰੇਨਿੰਗ ਸੈਂਟਰ ਤੋਂ ਸਿਖਲਾਈ ਦੌਰਾਨ ਚਲਾਈਆਂ ਗੋਲੀਆਂ ਨੇ ਦਹਿਸ਼ਤ ਮਚਾ ਦਿੱਤੀ। ਇਹ ਗੋਲੀਆਂ ਸੈਂਟਰ ਤੋਂ ਤਿੰਨ ਕਿਲੋਮੀਟਰ ਦੂਰ ਪਿੰਡ ਨਿੰਬੂਆ ਵਿੱਚ ਉਦਯੋਗਾਂ ਤੋਂ ਕਚਰਾ ਚੁੱਕਣ ਵਾਲੇ ਨਿੰਬੂਆ ਗ੍ਰੀਨ ਫੀਲਡ ਐਸੋਸੀਏਸ਼ਨ ਪੰਜਾਬ ਦੇ ਪਲਾਂਟ ਵਿੱਚ ਜਾ ਲੱਗੀਆਂ। ਸੂਤਰਾਂ ਮੁਤਾਬਕ ਅਚਾਨਕ 18 ਗੋਲੀਆਂ ਲੱਗਣ ਨਾਲ ਦਹਿਸ਼ਤ ਫੈਲ ਗਈ। ਉਂਝ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ।


ਹਾਸਲ ਜਾਣਕਾਰੀ ਮੁਤਾਬਕ ਨਿੰਬੂਆ ਗ੍ਰੀਨ ਫੀਲਡ ਐਸੋਸੀਏਸ਼ਨ ਪੰਜਾਬ ਦੇ ਪਲਾਂਟ ਇੱਕ ਤੋਂ ਬਾਅਦ ਇੱਕ 18 ਗੋਲੀਆਂ ਵੱਜੀਆਂ। ਇਸ ਘਟਨਾ ਵਿੱਚ ਪਲਾਂਟ ਦਾ ਚੌਕੀਦਾਰ ਵਾਲ-ਵਾਲ ਬਚਿਆ। ਉਹ ਉੱਥੇ ਦਫ਼ਤਰ ਦਾ ਦਰਵਾਜ਼ਾ ਬੰਦ ਕਰ ਰਿਹਾ ਸੀ ਕਿ ਇਸੇ ਦੌਰਾਨ ਇੱਕ ਗੋਲੀ ਗੇਟ ’ਤੇ ਆ ਕੇ ਵੱਜੀ। ਮੌਕੇ ’ਤੇ ਪਲਾਂਟ ਵਿੱਚ ਹਾਜ਼ਰ ਕਿਸੇ ਵੀ ਕਰਮੀ ਨੂੰ ਸਮਝ ਨਹੀਂ ਆਇਆ ਕਿ ਇਹ ਗੋਲੀਆਂ ਕਿੱਥੋਂ ਆ ਰਹੀਆਂ ਹਨ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਗੋਲੀਆਂ ਸਵਾ ਤਿੰਨ ਕਿਲੋਮੀਟਰ ਦੂਰ ਪੰਚਕੂਲਾ ਸਥਿਤ ਆਈਟੀਬੀਪੀ ਦੇ ਟ੍ਰੇਨਿੰਗ ਸੈਂਟਰ ਤੋਂ ਆ ਰਹੀਆਂ ਹਨ।


ਹਾਸਲ ਜਾਣਕਾਰੀ ਅਨੁਸਾਰ ਨਿੰਬੂਆ ਦੇ ਉਕਤ ਪਲਾਂਟ ਤੋਂ ਸਵਾ ਤਿੰਨ ਕਿਲੋਮੀਟਰ ਦੂਰ ਪੰਚਕੂਲਾ ਦੇ ਪਿੰਡ ਭਾਨੂ ਵਿੱਚ ਆਈਟੀਬੀਪੀ ਦਾ ਸਿਖਲਾਈ ਕੇਂਦਰ ਹੈ। ਇੱਥੇ ਆਈਟੀਬੀਪੀ ਜਵਾਨ ਵੱਖ-ਵੱਖ ਤਰ੍ਹਾਂ ਦੀ ਟ੍ਰੇਨਿੰਗ ਲੈਣ ਤੋਂ ਇਲਾਵਾ ਗੋਲੀਆਂ ਚਲਾਉਣ ਦਾ ਅਭਿਆਸ ਵੀ ਕਰਦੇ ਹਨ। ਬੀਤੇ ਦਿਨੀਂ ਜਵਾਨ ਦੂਰ ਤੱਕ ਮਾਰ ਕਰਨ ਵਾਲੇ ਹਥਿਆਰਾਂ ਨਾਲ ਗੋਲੀਆਂ ਚਲਾ ਰਹੇ ਸਨ। ਇਸ ਦੌਰਾਨ 18 ਗੋਲੀਆਂ ਉਕਤ ਪਲਾਂਟ ਵਿੱਚ ਆ ਕੇ ਵੱਜੀਆਂ। ਪਲਾਂਟ ਦੇ ਸਹਾਇਕ ਡਾਇਰੈਕਟਰ ਆਰਐਨ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਮੁਬਾਰਕਪੁਰ ਪੁਲਿਸ ਨੂੰ ਦਿੱਤੀ ਗਈ।


ਏਐਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਇਸ ਬਾਰੇ ਜਾਣਕਾਰੀ ਆਈਟੀਬੀਪੀ ਦੇ ਡੀਆਈਜੀ ਵਿਵੇਕ ਥਾਪਲੀਅਰ ਨੂੰ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਤਾਇਨਾਤ ਇੰਸਪੈਕਟਰ ਨਵੀਨ ਨੇ ਮੌਕੇ ਦਾ ਦੌਰਾ ਕਰ ਕੇ ਜਾਂਚ ਕੀਤੀ ਹੈ। ਡਾ. ਆਹਲੂਵਾਲੀਆ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਉਕਤ ਸੈਂਟਰ ਵਿੱਚ ਨੋਟੀਫਾਈਡ ਰੇਂਜ ਹੈ, ਜਿੱਥੇ ਨਵੇਂ ਭਰਤੀ ਜਵਾਨ ਗੋਲੀਆਂ ਚਲਾਉਣ ਦੀ ਟਰੇਨਿੰਗ ਲੈਂਦੇ ਹਨ। 


ਉਨ੍ਹਾਂ ਕਿਹਾ ਕਿ ਡੀਆਈਜੀ ਆਈਟੀਬੀਪੀ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹ ਫ਼ੈਸਲਾ ਹੋਇਆ ਹੈ ਕਿ ਸੈਂਟਰ ਦੀਆਂ ਕੰਧਾਂ ਨੂੰ ਉੱਚਾ ਚੁੱਕਿਆ ਜਾਵੇਗਾ। ਪਲਾਂਟ ਤੇ ਸੈਂਟਰ ਦੇ ਕੰਢੇ ਹਰਿਆਲੀ ਵਧਾਈ ਜਾਵੇਗੀ ਅਤੇ ਫਾਇਰਿੰਗ ਕਰਨ ਤੋਂ ਪਹਿਲਾਂ ਇਸ ਦੀ ਸੂਚਨਾ ਪਿੰਡ ਨਿੰਬੂਆ ਦੇ ਸਰਪੰਚ ਸਣੇ ਨਿੰਬੂਆ ਪਲਾਂਟ ਦੇ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ। ਇਸ ਰੇਂਜ ਵਿੱਚ ਨਵੇਂ ਜਵਾਨਾਂ ਨੂੰ ਦੂਰ ਤੱਕ ਮਾਰ ਕਰਨ ਵਾਲੇ ਹਥਿਆਰਾਂ ਦਾ ਅਭਿਆਸ ਨਹੀਂ ਕਰਨ ਦਿੱਤਾ ਜਾਵੇਗਾ।