Chandigarh News: ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਪਾਣੀ ਦਾ ਪੱਧਰ ਵਧਣ ਕਾਰਨ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣੇ ਪਏ ਹਨ। ਇਸ ਕਾਰਨ ਚੰਡੀਗੜ੍ਹ ਦੇ ਕੁਝ ਇਲਾਕਿਆਂ ਜਿੱਥੋਂ ਸੁਖਨਾ ਨਿਕਲਦੀ ਹੈ, ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਇਨ੍ਹਾਂ ਇਲਾਕਿਆਂ ਵਿੱਚ ਬਾਹਰ ਨਾ ਜਾਣ ਲਈ ਕਿਹਾ ਹੈ।
ਚੰਡੀਗੜ੍ਹ ਪੁਲਿਸ ਨੇ ਪਿੰਡ ਕਿਸ਼ਨਗੜ੍ਹ ਵਿੱਚ ਸੁਖਨਾ ’ਤੇ ਬਣੇ ਪੁਲ ਦੇ ਉੱਪਰ, ਸ਼ਾਸਤਰੀ ਨਗਰ, ਸੀਟੀਯੂ ਵਰਕਸ਼ਾਪ ਤੇ ਮੱਖਣ ਮਾਜਰਾ ਦੇ ਕੋਲ ਰਸਤਾ ਬੰਦ ਕਰ ਦਿੱਤਾ ਹੈ। ਜਦੋਂ ਤੱਕ ਪਾਣੀ ਦਾ ਪੱਧਰ ਨਹੀਂ ਘੱਟਦਾ, ਉਦੋਂ ਤੱਕ ਇਹ ਸੜਕ ਬੰਦ ਰਹੇਗੀ।
ਦੱਸ ਦਈਏ ਕਿ ਸੁਖਨਾ ਵਿੱਚ ਪਿਛਲੇ ਦਿਨੀਂ ਪਾਣੀ ਦਾ ਪੱਧਰ ਵਧਣ ਕਾਰਨ ਇਸ ਦੇ ਫਲੱਡ ਗੇਟ ਖੋਲ੍ਹਣੇ ਪਏ ਸਨ। ਇਸ ਕਾਰਨ ਬਾਪੂਧਾਮ ਤੋਂ ਮਨੀਮਾਜਰਾ ਨੂੰ ਜਾਂਦੇ ਰਸਤੇ ’ਤੇ ਪਾਣੀ ਦਾ ਪੱਧਰ ਵਧਣ ਕਾਰਨ ਪੁਲ ਟੁੱਟ ਗਿਆ ਸੀ। ਪੁਲ ਦੇ ਨਾਲ ਹੀ ਮਨੀਮਾਜਰਾ ਨੂੰ ਜਾਂਦੀ ਪਾਣੀ ਦੀ ਲਾਈਨ ਵੀ ਟੁੱਟ ਗਈ ਸੀ। ਇਸ ਨੂੰ ਨਗਰ ਨਿਗਮ ਚੰਡੀਗੜ੍ਹ ਨੇ ਠੀਕ ਕਰ ਦਿੱਤਾ ਹੈ। ਜਲਦੀ ਹੀ ਮਨੀਮਾਜਰਾ ਵਿੱਚ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
ਉਧਰ, ਮੌਸਮ ਵਿਭਾਗ ਨੇ ਚੰਡੀਗੜ੍ਹ ਤੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਨਾਲ ਹੜ੍ਹਾਂ ਮਾਰੇ ਜ਼ਿਲ੍ਹਿਆਂ ਅੰਦਰ ਸਮੱਸਿਆ ਹੋਰ ਵਧ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਫਿਰੋਜ਼ਪੁਰ, ਮੋਗਾ, ਮਾਨਸਾ, ਬਰਨਾਲਾ ਤੇ ਸੰਗਰੂਰ ਵਿੱਚ ਅਗਲੇ ਤਿੰਨ ਘੰਟਿਆਂ ਦੌਰਾਨ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਹਿਮਾਚਲ 'ਚ ਫਿਰ ਤੋਂ ਬਾਰਸ਼ ਹੋਣ ਦੀ ਸੰਭਾਵਨਾ ਹੈ। ਅਹਿਮ ਗੱਲ ਹੈ ਕਿ ਇਹ ਬਾਰਸ਼ ਆਮ ਹੁੰਦੀ ਹੈ ਤਾਂ ਸਭ ਕੁਝ ਕੰਟਰੋਲ ਹੇਠ ਹੀ ਰਹੇਗਾ ਪਰ ਜੇ ਬਾਰਸ਼ ਜ਼ਿਆਦਾ ਹੋਈ ਤਾਂ ਹਿਮਾਚਲ ਦੇ ਨਾਲ-ਨਾਲ ਪੰਜਾਬ ਵਿੱਚ ਵੀ ਇੱਕ ਵਾਰ ਫਿਰ ਹਾਲਾਤ ਖਰਾਬ ਹੋ ਸਕਦੇ ਹਨ।