ਚੰਡੀਗੜ੍ਹ: ਲਾਲ ਕਿਲੇ ’ਤੇ ਕਿਸਾਨੀ ਤੇ ਕੇਸਰੀ ਝੰਡੇ ਲਾਏ ਜਾਣ ਤੋਂ ਬਾਅਦ ਲੋਕਾਂ ਨੂੰ ਭੜਕਾਉਣ ਦੇ ‘ਦੋਸ਼ੀ’ ਕਰਾਰ ਦਿੱਤੇ ਜਾ ਰਹੇ ਪੰਜਾਬੀ ਗਾਇਕ ਦੀਪ ਸਿੱਧੂ ਨੇ ਖ਼ੁਦ ਨੂੰ ‘ਬੇਗੁਨਾਹ’ ਕਰਾਰ ਦਿੱਤਾ ਹੈ। ਸਿੱਧੂ ਨੇ ਬੁੱਧਵਾਰ ਦੇਰ ਰਾਤੀਂ ਆਪਣੇ ਫ਼ੇਸਬੁੱਕ ਪੰਨੇ ਉੱਤੇ ਲਾਈਵ ਆ ਕੇ ਕਿਸਾਨ ਆਗੂਆਂ ਨੂੰ ਧਮਕੀ ਦਿੰਦਿਆਂ ਕਿਹਾ, ‘ਤੁਸੀਂ ਮੈਨੂੰ ਗ਼ੱਦਾਰ ਦਾ ਸਰਟੀਫ਼ਿਕੇਟ ਦਿੱਤਾ ਹੈ, ਜੇ ਮੈਂ ਤੁਹਾਡੀਆਂ ਤੈਹਾਂ ਫਰੋਲਣੀਆਂ ਸ਼ੁਰੂ ਕਰ ਦਿੱਤੀਆਂ, ਤਾਂ ਤੁਹਾਨੂੰ ਦਿੱਲੀ ’ਚੋਂ ਨੱਸਣ ਦਾ ਰਾਹ ਨਹੀਂ ਮਿਲਣਾ।’

ਸਿੱਧੂ ਨੇ ਕਿਹਾ ਕਿ ਮੈਨੂੰ ਇਸ ਲਈ ਲਾਈਵ ਆਉਣਾ ਪਿਆ ਕਿਉਂਕਿ ਮੇਰੇ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ। ਬਹੁਤ ਸਾਰਾ ਝੂਠ ਫੈਲਾਇਆ ਜਾ ਰਿਹਾ ਹੈ। ਮੈਂ ਇਹ ਸਭ ਝੱਲ ਰਿਹਾ ਸਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਸਾਂ ਕਿ ਸਾਡੇ ਸਾਂਝੇ ਸੰਘਰਸ਼ ਨੂੰ ਕੋਈ ਨੁਕਸਾਨ ਪੁੱਜੇ ਪਰ ਤੁਸੀਂ ਜਿਸ ਪੜਾਅ ਉੱਤੇ ਆ ਗਏ ਹੋ, ਉੱਥੇ ਕੁਝ ਗੱਲਾਂ ਕਰਨੀਆਂ ਜ਼ਰੂਰੀ ਹੋ ਗਈਆਂ ਹਨ।

ਪਹਿਲੀ ਗੱਲ ਤਾਂ ਇਹ ਕਿ 25 ਜਨਵਰੀ ਨੂੰ ਨੌਜਵਾਨਾਂ ਨੇ ਮੰਚ ਤੋਂ ਰੋਸ ਪ੍ਰਗਟਾਇਆ ਸੀ ਕਿਉਂਕਿ ਉਨ੍ਹਾਂ ਨੂੰ ਪੰਜਾਬ ਤੋਂ ਦਿੱਲੀ ’ਚ ਪਰੇਡ ਕਰਨ ਲਈ ਸੱਦਿਆ ਗਿਆ ਸੀ। ਇਸ ਲਈ ਵਾਰ-ਵਾਰ ਮੰਚ ਤੋਂ ਵੱਡੇ ਐਲਾਨ ਤੇ ਵਾਅਦੇ ਕੀਤੇ ਗਏ ਸਨ। ਉਦੋਂ ਰੋਸ ਪ੍ਰਗਟਾ ਰਹੇ ਨੌਜਵਾਨਾਂ ਨੇ ਆਖਿਆ ਸੀ ਕਿ ਜਦੋਂ ਅਸੀਂ ਦਿੱਲੀ ਆ ਗਏ, ਤਾਂ ਤੁਸੀਂ ਸਾਨੂੰ ਸਰਕਾਰ ਵੱਲੋਂ ਤੈਅ ਕੀਤੇ ਰੂਟ ਉੱਤੇ ਜਾਣ ਲਈ ਆਖ ਰਹੇ ਹੋ, ਜੋ ਸਾਨੂੰ ਪ੍ਰਵਾਨ ਨਹੀਂ।



ਸਿੱਧੂ ਨੇ ਦਾਅਵਾ ਕੀਤਾ ਕਿ ਉਹ ਤਾਂ ਸਟੇਜ ਤੋਂ ਵੀ ਕਿਸਾਨ ਆਗੂਆਂ ਦਾ ਸਮਰਥਨ ਕਰਦੇ ਰਹੇ ਹਨ। ਸਿੱਧੂ ਨੇ ਅੱਗੇ ਕਿਹਾ, ਮੈਂ ਜਦੋਂ ਲਾਲ ਕਿਲੇ ਪੁੱਜਾ, ਤਦ ਤੱਕ ਗੇਟ ਟੁੱਟ ਚੁੱਕਾ ਸੀ। ਉਸ ਵਿੱਚ ਹਜ਼ਾਰਾਂ ਦੀ ਭੀੜ ਖੜ੍ਹੀ ਸੀ। ਮੈਂ ਬਾਅਦ ’ਚ ਉੱਥੇ ਪੁੱਜਾ। ਉੱਥੇ ਸੈਂਕੜੇ ਟ੍ਰੈਕਟਰ ਪਹਿਲਾਂ ਤੋਂ ਹੀ ਖੜ੍ਹੇ ਸਨ। ਕੋਈ ਵੀ ਅਜਿਹਾ ਵਿਅਕਤੀ ਨਹੀਂ ਸੀ, ਜੋ ਪਹਿਲਾਂ ਵੱਡੀਆਂ-ਵੱਡੀਆਂ ਗੱਲਾਂ ਕਰ ਰਿਹਾ ਸੀ।

ਦੀਪ ਸਿੱਧੂ ਨੇ ਕਿਹਾ, ‘ਇਸ ਦੌਰਾਨ ਕੁਝ ਨੌਜਵਾਨ ਮੈਨੂੰ ਫੜ ਕੇ ਲੈ ਗਏ ਕਿ ਭਾਅ ਜੀ ਉੱਥੇ ਚੱਲੋ। ਉੱਥੇ ਦੋ ਝੰਡੇ ਪਏ ਸਨ। ਇੱਕ ਕਿਸਾਨਾ ਝੰਡਾ ਤੇ ਦੂਜਾ ਨਿਸ਼ਾਨ ਸਾਹਿਬ। ਅਸੀਂ ਸਰਕਾਰ ਸਾਹਵੇਂ ਰੋਸ ਪ੍ਰਗਟਾਉਣ ਲਈ ਦੋਵੇਂ ਝੰਡੇ ਉੱਥੇ ਲਾ ਦਿੱਤੇ। ਅਸੀਂ ਤਿਰੰਗਾ ਹਟਾਇਆ ਨਹੀਂ ਸੀ। ਸਾਨੂੰ ਕੋਈ ਡਰ ਨਹੀਂ ਕਿਉਂਕਿ ਅਸੀਂ ਕੁਝ ਵੀ ਗ਼ਲਤ ਨਹੀਂ ਕੀਤਾ।’

ਉੱਧਰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜ੍ਹੂਨੀ ਦੋਸ਼ ਲਾ ਚੁੱਕੇ ਹਨ ਕਿ ਦੀਪ ਸਿੱਧੂ ਨੇ ਕਿਸਾਨਾਂ ਨੂੰ ਭੜਕਾਇਆ ਤੇ ਬਾਹਰੀ ਰਿੰਗ ਰੋਡ ਤੋਂ ਲਾਲ ਕਿਲੇ ਤੱਕ ਲੈ ਕੇ ਗਏ। ‘ਕਿਸਾਨ ਜੱਥੇਬੰਦੀਆਂ ਦਾ ਤਾਂ ਲਾਲ ਕਿਲੇ ’ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ।’

ਇਹ ਵੀ ਪੜ੍ਹੋFarmers Protest: ਕਿਸਾਨ ਅੰਦੋਲਨ ਤੋਂ ਪਿੱਛੇ ਹਟਣ ਵਾਲੇ ਵੀਐਮ ਸਿੰਘ ਦੀ ਮੇਨਕਾ ਗਾਂਧੀ ਨਾਲ ਕੀ ਰਿਸ਼ਤਾ? 500 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904