ਮਹਿਤਾਬ-ਉਦ-ਦੀਨ
1993 ’ਚ ਰਿਲੀਜ਼ ਹੋਈ ਯਸ਼ ਚੋਪੜਾ ਦੀ ਸੁਪਰ ਹਿੱਟ ਫ਼ਿਲਮ ‘ਡਰ’ ਤੋਂ ਹੀ ਸ਼ਾਹਰੁਖ਼ ਖ਼ਾਨ ਬਾਲੀਵੁੱਡ ਦੇ ਬਾਦਸ਼ਾਹ ਬਣਨ ਦੇ ਰਾਹ ਪਏ ਸਨ ਪਰ ਇਸ ਫ਼ਿਲਮ ਦਾ ਕੋਈ ਬਹੁਤਾ ਲਾਭ ਉਨ੍ਹਾਂ ਦੇ ਬਰਾਬਰ ਦੇ ਹੀਰੋ ਸੰਨੀ ਦਿਓਲ ਨੂੰ ਨਹੀਂ ਮਿਲ ਸਕਿਆ ਸੀ। ਯਸ਼ ਚੋਪੜਾ ਨਾਲ ਸੰਨੀ ਦੀ ਇਹ ਪਹਿਲੀ ਫ਼ਿਲਮ ਸੀ ਤੇ ਉਸ ਪਹਿਲੀ ਫ਼ਿਲਮ ’ਚ ਹੀ ਉਨ੍ਹਾਂ ਦੀ ਯਸ਼ ਚੋਪੜਾ ਨਾਲ ਬਹਿਸਬਾਜ਼ੀ ਹੋ ਗਈ ਸੀ ਪਰ ਸ਼ਾਹਰੁਖ਼ ਖ਼ਾਨ ਦਾ ਉਸ ਫ਼ਿਲਮ ਦਾ ਡਾਇਲੌਗ ‘ਕ..ਕ..ਕ..ਕ.. ਕਿਰਨ’ ਅੱਜ ਵੀ ਬਹੁਤ ਜ਼ਿਆਦਾ ਚੇਤੇ ਕੀਤਾ ਜਾਂਦਾ ਹੈ।
ਤਦ ਸੰਨੀ ਦਿਓਲ ਨੂੰ ਇੰਨਾ ਗੁੱਸਾ ਚੜ੍ਹਿਆ ਸੀ ਕਿ ਉਨ੍ਹਾਂ ਨੇ ਰੋਹ ’ਚ ਆ ਕੇ ਆਪਣੀ ਹੀ ਪੈਂਟ ਪਾੜ ਸੁੱਟੀ ਸੀ ਤੇ ਫਿਰ ਉਹ 16 ਸਾਲਾਂ ਤੱਕ ਸ਼ਾਹਰੁਖ਼ ਖ਼ਾਨ ਨਾਲ ਵੀ ਬੋਲੇ ਨਹੀਂ ਸਨ। ਦਰਅਸਲ, ਮਾਮਲਾ ਫ਼ਿਲਮ ‘ਡਰ’ ਦੇ ਕਲਾਈਮੈਕਸ ਦਾ ਸੀ। ਸੰਨੀ ਦਿਓਲ ਇਸ ਫ਼ਿਲਮ ਦੇ ਭਾਵੇਂ ਹੀਰੋ ਸਨ ਤੇ ਉਨ੍ਹਾਂ ਇੱਕ ਕਮਾਂਡੋ ਫ਼ੌਜੀ ਦੇ ਰੋਲ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਵੀ ਇਸ ਬਾਖੂਬੀ ਵਿਖਾਏ ਸਨ ਤੇ ਸ਼ਾਹਰੁਖ਼ ਖ਼ਾਨ ਐਂਟੀ-ਹੀਰੋ ਭਾਵ ਇੱਕ ਕਿਸਮ ਦੇ ਵਿਲੇਨ ਦੇ ਕਿਰਦਾਰ ਵਿੱਚ ਸੀ, ਜਿਸ ਨਾਲ ਦਰਸ਼ਕਾਂ ਨੂੰ ਹਮਦਰਦੀ ਰਹਿੰਦੀ ਹੈ ਕਿਉਂਕਿ ਬਚਪਨ ਵਿੱਚ ਉਸ ਤੇ ਉਸ ਦੇ ਪਰਿਵਾਰ ਨਾਲ ਧੱਕਾ ਹੋਇਆ ਸੀ।
ਫ਼ਿਲਮ ‘ਡਰ’ ਦੇ ਕਲਾਈਮੈਕਸ ਵਿੱਚ ਸ਼ਾਹਰੁਖ਼ ਖ਼ਾਨ ਦੇ ਸੰਨੀ ਦਿਓਲ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰਨ ਦਾ ਦ੍ਰਿਸ਼ ਹੈ। ਸੰਨੀ ਦਿਓਲ ਦਾ ਕਹਿਣਾ ਸੀ ਕਿ ਸ਼ਾਹਰੁਖ਼ ਇੱਕ ਕਮਾਂਡੋ ਨੂੰ ਸਾਹਮਣੇ ਤੋਂ ਕਿਵੇਂ ਵਾਰ ਕਰ ਸਕਦਾ ਹੈ ਤੇ ਫਿਰ ‘ਮੈਂ ਕਾਹਦਾ ਕਮਾਂਡੋ ਹੋਇਆ। ਕੋਈ ਛੋਕਰਾ ਇੰਝ ਇੱਕ ਮਾਹਿਰ ਤੇ ਪੂਰੀ ਤਰ੍ਹਾਂ ਚੁਸਤ–ਤੰਦਰੁਸਤ ਲੜਾਕੇ ਕਮਾਂਡੋ ਉੱਤੇ ਅਸਲ ਵਿੱਚ ਕਿਵੇਂ ਹਮਲਾ ਕਰ ਸਕਦਾ ਹੈ?’
ਉਦੋਂ ਸੰਨੀ ਦਿਓਲ ਦੀ ਪੂਰੀ ਚੜ੍ਹਾਈ ਸੀ ਤੇ ਸ਼ਾਹਰੁਖ਼ ਖ਼ਾਨ ਨੇ ਆਪਣੀ ਦੌੜ ਹਾਲੇ ਸ਼ੁਰੂ ਕਰਨੀ ਸੀ। ਸੰਨੀ ਦਿਓਲ ਨੇ ਖ਼ੁਦ ਇਹ ਕਿੱਸਾ ‘ਆਪ ਕੀ ਅਦਾਲਤ’ ਵਿੱਚ ਦਰਸ਼ਕਾਂ ਨਾਲ ਸਾਂਝਾ ਕੀਤਾ ਸੀ। ਉਹ ਭਾਵੇਂ ਕਲਾਈਮੈਕਸ ਦੇ ਉਸ ਦ੍ਰਿਸ਼ ਉੱਤੇ ਅੜੇ ਸਨ ਪਰ ਯਸ਼ ਚੋਪੜਾ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ ਸੀ ਤੇ ਉਨ੍ਹਾਂ ਸ਼ਾਹਰੁਖ਼ ਖ਼ਾਨ ਹੱਥੋਂ ‘ਕਮਾਂਡੋ’ ਸੰਨੀ ਦਿਓਲ ਨੂੰ ਜ਼ਖ਼ਮੀ ਕਰਵਾ ਹੀ ਦਿੱਤਾ ਸੀ।
ਇਸੇ ਗੱਲ ਤੋਂ ਸੰਨੀ ਦਿਓਲ ਗੁੱਸੇ ਹੋ ਗਏ ਸਨ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਤਦ ਉਨ੍ਹਾਂ ਇੱਕ ਇੰਟਰਵਿਊ ’ਚ ਇਹ ਵੀ ਆਖਿਆ ਸੀ, ਮੈਨੂੰ ਇਹ ਪਤਾ ਨਹੀਂ ਸੀ ਕਿ ਉਹ (ਯਸ਼ ਚੋਪੜਾ ਤੇ ਉਨ੍ਹਾਂ ਦੀ ਯੂਨਿਟ) ਇੱਕ ਵਿਲੇਨ (ਸ਼ਾਹਰੁਖ਼ ਖ਼ਾਨ) ਦੀ ਗੁੱਡੀ ਚਾੜ੍ਹਨਗੇ।
ਇਹ ਵੀ ਪੜ੍ਹੋ: Norovirus outbreak: ਕੋਰੋਨਾਵਾਇਰਸ ਮਗਰੋਂ ਨੌਰੋਵਾਇਰਸ ਦਾ ਖਤਰਾ! ਬੱਚਿਆਂ ਨੂੰ ਨਿਸ਼ਾਨਾ ਬਣਾ ਰਿਹਾ ਨਵਾਂ ਵਾਇਰਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904